March 6, 2026
Punjab Speaks Team / Panjab
ਨਵੀਂ ਦਿੱਲੀ, 06 ਮਾਰਚ 2026 :- ਬਾਂਬੇ ਹਾਈ ਕੋਰਟ ਨੇ ਸ਼ਹਿਰ ਦੇ ਹਵਾਈ ਅੱਡੇ ਨੇੜੇ ਡੇਗੀ ਜਾ ਚੁੱਕੀ ਇਕ ਅਸਥਾਈ ਸ਼ੈੱਡ ਦੀ ਥਾਂ ’ਤੇ ਟੈਕਸੀ ਅਤੇ ਆਟੋ ਰਿਕਸ਼ਾ ਚਾਲਕਾਂ ਨੂੰ ਰਮਜ਼ਾਨ ਦੌਰਾਨ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਰਮਜ਼ਾਨ ਇਸਲਾਮ ਦਾ ਇਕ ਮਹੱਤਵਪੂਰਨ ਹਿੱਸਾ ਹੈ ਪਰ ਇਸ ਮਹੀਨੇ ਦੌਰਾਨ ਮੁਸਲਮਾਨ ਕਿਸੇ ਵੀ ਥਾਂ ’ਤੇ ਨਮਾਜ਼ ਪੜ੍ਹਨ ਦਾ ਧਾਰਮਿਕ ਅਧਿਕਾਰ ਹੋਣ ਦਾ ਦਾਅਵਾ ਨਹੀਂ ਕਰ ਸਕਦੇ, ਖ਼ਾਸ ਕਰ ਕੇ ਹਵਾਈ ਅੱਡੇ ਦੇ ਨੇੜੇ, ਜਿੱਥੇ ਸੁਰੱਖਿਆ ਸੰਬੰਧੀ ਚਿੰਤਾਵਾਂ ਜ਼ਿਆਦਾ ਹਨ। ਸੁਰੱਖਿਆ ਧਰਮ ਤੋਂ ਉੱਪਰ ਹੈ।
ਜਸਟਿਸ ਬੀਪੀ ਕੋਲਾਬਾਵਾਲਾ ਤੇ ਜਸਟਿਸ ਫਿਰਦੌਸ ਪੂਨੀਵਾਲਾ ਦੇ ਬੈਂਚ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਵਧਾਨੀ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ। ਕੋਰਟ ਟੈਕਸੀ-ਰਿਕਸ਼ਾ ਓਲਾ-ਉਬਰ ਮੈਨਜ਼ ਯੂਨੀਅਨ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਇਕ ਅਸਥਾਈ ਸ਼ੈੱਡ ਹੇਠਾਂ ਉਹ ਨਮਾਜ਼ ਪੜ੍ਹਦੇ ਸਨ, ਜਿਸ ਨੂੰ ਪਿਛਲੇ ਸਾਲ ਅਧਿਕਾਰੀਆਂ ਨੇ ਤੋੜ ਦਿੱਤਾ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਉਸੇ ਥਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਉਸੇ ਇਲਾਕੇ ਵਿਚ ਕੋਈ ਹੋਰ ਥਾਂ ਦਿੱਤੀ ਜਾਵੇ ਜਿੱਥੇ ਉਹ ਨਮਾਜ਼ ਪੜ੍ਹ ਸਕਣ।
ਪਿਛਲੇ ਹਫ਼ਤੇ ਕੋਰਟ ਨੇ ਪੁਲਿਸ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਗੱਲ ’ਤੇ ਵਿਚਾਰ ਕਰਨ ਦਾ ਹੁਕਮ ਦਿੱਤਾ ਸੀ ਕਿ ਕੀ ਪਟੀਸ਼ਨਰਾਂ ਨੂੰ ਕੋਈ ਹੋਰ ਥਾਂ ਦਿੱਤੀ ਜਾ ਸਕਦੀ ਹੈ। ਵੀਰਵਾਰ ਨੂੰ ਅਧਿਕਾਰੀਆਂ ਨੇ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਸੱਤ ਹੋਰ ਥਾਵਾਂ ਦਾ ਸਰਵੇਖਣ ਕੀਤਾ ਗਿਆ ਪਰ ਭੀੜ, ਸੁਰੱਖਿਆ ਚਿੰਤਾਵਾਂ ਅਤੇ ਹਵਾਈ ਅੱਡੇ ਦੀਆਂ ਵਿਕਾਸ ਯੋਜਨਾ ਦੀਆਂ ਮੁਸ਼ਕਲਾਂ ਕਾਰਨ ਕੋਈ ਥਾਂ ਨਮਾਜ਼ ਲਈ ਸਹੀ ਨਹੀਂ ਮਿਲੀ। ਰਿਪੋਰਟ ਦੇਖਣ ਤੋਂ ਬਾਅਦ ਕੋਰਟ ਨੇ ਕਿਹਾ ਕਿ ਉਹ ਪਟੀਸ਼ਨਰਾਂ ਨੂੰ ਕੋਈ ਰਾਹਤ ਨਹੀਂ ਦੇ ਸਕਦਾ ਕਿਉਂਕਿ ਮਾਮਲਾ ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜਿਆ ਹੈ। ਪਟੀਸ਼ਨਰਾਂ ਨੂੰ ਕੋਈ ਹੋਰ ਥਾਂ ਲੱਭਣੀ ਪਵੇਗੀ ਅਤੇ ਕਿਹਾ ਕਿ ਉਸ ਥਾਂ ਤੋਂ ਇਕ ਕਿਲੋਮੀਟਰ ਦੇ ਅੰਦਰ ਇਕ ਮਦਰੱਸਾ ਹੈ ਜਿੱਥੇ ਉਹ ਨਮਾਜ਼ ਪੜ੍ਹ ਸਕਦੇ ਹਨ।
ਹਾਈ ਕੋਰਟ ਨੇ ਕਿਹਾ, ‘ਹਵਾਈ ਅੱਡੇ ਨੇੜੇ (ਨਮਾਜ਼ ਪੜ੍ਹਨ ਲਈ) ਕੋਈ ਢਾਂਚਾ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਧਰਮ ਹੋਵੇ ਜਾਂ ਕੁਝ ਹੋਰ- ਸੁਰੱਖਿਆ ਸਭ ਤੋਂ ਪਹਿਲਾਂ ਹੈ। ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਹਰ ਕੋਈ ਇਸ ਹਵਾਈ ਅੱਡੇ ਰਾਹੀਂ ਯਾਤਰਾ ਕਰਦਾ ਹੈ, ਭਾਵੇਂ ਉਸ ਦਾ ਧਰਮ ਕੁਝ ਵੀ ਹੋਵੇ। ਅਸੀਂ ਦੁਨੀਆ ਵਿਚ ਕਿਤੇ ਵੀ ਅਜਿਹਾ ਕੁਝ ਨਹੀਂ ਦੇਖਿਆ। ਤੁਸੀਂ ਹਵਾਈ ਅੱਡੇ ਨੇੜੇ ਅਜਿਹਾ ਕੁਝ ਨਹੀਂ ਕਰ ਸਕਦੇ।’ ਕੋਰਟ ਨੇ ਕਿਹਾ ਕਿ ਪਟੀਸ਼ਨਰ ਇਹ ਦਾਅਵਾ ਨਹੀਂ ਕਰ ਸਕਦੇ ਕਿ ਉਹ ਉਸੇ ਥਾਂ ’ਤੇ ਨਮਾਜ਼ ਪੜ੍ਹਣਗੇ। ਉਹ ਥਾਂ ਤੈਅ ਨਹੀਂ ਕਰ ਸਕਦੇ। ਕੱਲ੍ਹ ਉਹ ਕਹਿਣਗੇ ਕਿ ਓਵਲ ਮੈਦਾਨ ਵਿਚਾਲੇ ਖੜ੍ਹੇ ਹੋ ਕੇ ਨਮਾਜ਼ ਪੜ੍ਹਨੀ ਚਾਹੁੰਦੇ ਹਨ। ਇਹ ਸੰਭਵ ਨਹੀਂ ਹੈ। ਕੋਈ ਤੁਹਾਨੂੰ ਦਿਨ ਵਿਚ ਪੰਜ ਵਾਰ ਨਮਾਜ਼ ਪੜ੍ਹਨ ਤੋਂ ਨਹੀਂ ਰੋਕ ਰਿਹਾ ਪਰ ਇਹ ਕਿਸੇ ਵੀ ਥਾਂ ’ਤੇ ਨਹੀਂ ਪੜ੍ਹੀ ਜਾ ਸਕਦੀ। ਸੁਰੱਖਿਆ ਚਿੰਤਾਵਾਂ ਗੰਭੀਰ ਹਨ। ਨਾਲ ਹੀ ਕਿਹਾ ਕਿ ਭਵਿੱਖ ਵਿਚ ਜਦੋਂ ਟਰਮੀਨਲ-1 ਦੀ ਇਮਾਰਤ ਦਾ ਪੁਨਰਵਿਕਾਸ ਹੋਵੇਗਾ ਤਾਂ ਪਟੀਸ਼ਨਰ ਜਗ੍ਹਾ ਦੇਣ ਲਈ ਹਵਾਈ ਅੱਡੇ ਦੇ ਅਧਿਕਾਰੀਆਂ ਸਾਹਮਣੇ ਆਪਣੀ ਮੰਗ ਰੱਖ ਸਕਦੇ ਹਨ।
Big Court Decision Namaz Not Allowed Near Mumbai Airport