ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਅਮਰੀਕਾ ਅਤੇ ਇਰਾਨ ਦੋ ਹਫ਼ਤਿਆਂ ਦੀ ਜੰਗਬੰਦੀ ‘ਤੇ ਸਹਿਮਤ ਹੋਏ
April 9, 2026
US-And-Iran-Agree-To-Two-week-Ce

Punjab Speaks Team / Punjab

09 ਅਪ੍ਰੈਲ 2026 :ਇਰਾਨ, ਅਮਰੀਕਾ ਤੇ ਇਜ਼ਰਾਈਲ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਦੋਵਾਂ ਧਿਰਾਂ ਦੀ ਰਜ਼ਾਮੰਦੀ ਮਗਰੋਂ ਪੱਛਮੀ ਏਸ਼ੀਆ ਵਿੱਚ 28 ਫਰਵਰੀ ਤੋਂ ਜਾਰੀ ਟਕਰਾਅ ਖ਼ਤਮ ਹੋਣ ਦੀ ਆਸ ਬੱਝੀ ਹੈ। ਇਰਾਨ ਨੇ ਸਹਿਮਤੀ ਲਈ ਅਮਰੀਕਾ ਅੱਗੇ 10 ਨੁਕਾਤੀ ਏਜੰਡਾ ਰੱਖਦਿਆਂ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਦੀ ਹਾਮੀ ਭਰੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਨੇ ਖੁ਼ਦ ਵੱਲੋਂ ਤੈਅ ਕੀਤੀ ਮੋਹਲਤ ਖ਼ਤਮ ਹੋਣ ਤੋਂ ਡੇਢ ਘੰਟਾ ਪਹਿਲਾਂ ਐਲਾਨ ਕੀਤਾ ਕਿ ਅਮਰੀਕਾ ਨੇ ਪਾਕਿਸਤਾਨ ਦੀ ਤਜਵੀਜ਼ ਉੱਤੇ ਦੋ ਹਫ਼ਤਿਆਂ ਲਈ ਜੰਗਬੰਦੀ ਉੱਤੇ ਸਹਿਮਤੀ ਜਤਾਈ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਜੰਗਬੰਦੀ ਦੇ ਬਾਵਜੂਦ ਅਮਰੀਕੀ ਜੰਗੀ ਬੇੜੇ ਹਰਮੁਜ਼ ਜਲ ਮਾਰਗ ਦੁਆਲੇ ਮੌਜੁੂਦ ਰਹਿਣਗੇ। ਟਰੰਪ ਨੇ ਜੰਗਬੰਦੀ ਸਮਝੌਤੇ ਨੂੰ ‘ਆਲਮੀ ਸ਼ਾਂਤੀ ਲਈ ਵੱਡਾ ਦਿਨ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਲ ਮੱਧ ਪੂਰਬ ਲਈ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਹੋ ਸਕਦਾ ਹੈ।

ਉਧਰ ਅਮਰੀਕੀ ਡੈਮੋਕਰੈਟਿਕ ਪਾਰਟੀ ਦੇ ਆਗੂਆਂ ਨੇ ਇਰਾਨੀ ਸੱਭਿਅਤਾ ਖ਼ਤਮ ਕਰਨ ਦੀ ਟਿੱਪਣੀ ਕਾਰਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਇਰਾਨ ਦੀ ਸੁਪਰੀਮ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਉਹ ਦੋ ਹਫ਼ਤਿਆਂ ਦੀ ਜੰਗਬੰਦੀ ਨੂੰ ਸਵੀਕਾਰ ਕਰਦੇ ਹਨ ਤੇ ਇਰਾਨ ਸ਼ੁੱਕਰਵਾਰ (10 ਅਪਰੈਲ) ਤੋਂ ਇਸਲਾਮਾਬਾਦ ਵਿੱਚ ਅਮਰੀਕਾ ਨਾਲ ਗੱਲਬਾਤ ਕਰੇਗਾ।

ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਗੱਲਬਾਤ ਦੌਰਾਨ ਅਪੀਲ ਕੀਤੀ ਕਿ ਮੈਂ ਅੱਜ ਰਾਤ ਨੂੰ ਇਰਾਨ ਖ਼ਿਲਾਫ਼ ਹੋਣ ਵਾਲੀ ਤਬਾਹਕੁਨ ਕਾਰਵਾਈ ਨੂੰ ਇਸ ਸ਼ਰਤ ’ਤੇ ਰੋਕ ਦੇਵਾਂ ਜੇ ਇਰਾਨ ਹਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ, ਫ਼ੌਰੀ ਤੇ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਬਾਰੇ ਸਹਿਮਤ ਹੋਵੇ।’’ ਟਰੰਪ ਨੇ ਕਿਹਾ, ‘‘ਮੈਂ ਦੋ ਹਫ਼ਤਿਆਂ ਲਈ ਇਰਾਨ ’ਤੇ ਬੰਬਾਰੀ ਤੇ ਹਮਲੇ ਰੋਕਣ ਬਾਰੇ ਸਹਿਮਤ ਹਾਂ। ਇਰਾਨ ਦੇ ਪੁਲਾਂ ਤੇ ਬਿਜਲੀ ਪਲਾਂਟਾਂ ’ਤੇ ਹਮਲਿਆਂ ਦੀ ਯੋਜਨਾ ਫ਼ਿਲਹਾਲ ਟਾਲ ਰਹੇ ਹਾਂ ਤੇ ਜੰਗਬੰਦੀ ਵਿੱਚ ਹਰਮੁਜ਼ ਜਲ ਮਾਰਗ ਖੋਲ੍ਹਣ ਦੀ ਯੋਜਨਾ ਵੀ ਸ਼ਾਮਲ ਹੈ।’’ ਅਮਰੀਕੀ ਸਦਰ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਇਰਾਨ ਨੇ 10-ਨੁਕਾਤੀ ਏਜੰਡੇ ਦੀ ਤਜਵੀਜ਼ ਰੱਖੀ ਹੈ, ਜੋ 28 ਫਰਵਰੀ ਨੂੰ ਇਜ਼ਰਾਈਲ ਤੇ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਹਾਲਾਂਕਿ ਜਦੋਂ ਏਜੰਡੇ ਦਾ ਫ਼ਾਰਸੀ ਰੂਪ ਸਾਹਮਣੇ ਆਇਆ, ਜਿਸ ਵਿੱਚ ਇਸ਼ਾਰਾ ਕੀਤਾ ਗਿਆ ਸੀ ਕਿ ਇਰਾਨ ਨੂੰ ਯੂਰੇਨੀਅਮ ਸੋਧਣ ਦਾ ਅਮਲ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਟਰੰਪ ਨੇ ਇਸ ਨੂੰ ਧੋਖਾਧੜੀ ਕਰਾਰ ਦਿੱਤਾ।

ਇਰਾਨ ਨੇ ਆਪਣੇ ਦਸ ਨੁਕਾਤੀ ਏਜੰਡੇ ਵਿੱਚ ਜੰਗ ਖ਼ਤਮ ਕਰਨ ਸਣੇ ਖ਼ਿੱਤੇ ਵਿੱਚੋਂ ਅਮਰੀਕੀ ਫ਼ੌਜਾਂ ਹਟਾਉਣ, ਪਾਬੰਦੀਆਂ ਵਿੱਚ ਢਿੱਲ ਤੇ ਜਾਮ ਕੀਤੇ ਅਸਾਸੇ ਜਾਰੀ ਕਰਨ ਜਿਹੀਆਂ ਸ਼ਰਤਾਂ ਰੱਖੀਆਂ ਹਨ। ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਮਰੀਕਾ ਤੇ ਇਰਾਨ ਦੇ ਵਫ਼ਦਾਂ ਨੂੰ 10 ਅਪਰੈਲ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਮਸਲੇ ਦੇ ਹੱਲ ਲਈ ਅੱਗੇ ਦੀ ਗੱਲਬਾਤ ਕੀਤੀ ਜਾ ਸਕੇ।

ਇਜ਼ਰਾਈਲ ਨੇ ਭਾਵੇਂ ਜੰਗਬੰਦੀ ਦੀ ਹਮਾਇਤ ਕੀਤੀ ਹੈ ਪਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਤੜਕੇ ਕਿਹਾ ਕਿ ਜੰਗਬੰਦੀ ਕਰਾਰ ਵਿੱਚ ਲੈਬਨਾਨ ’ਚ ਹਿਜ਼ਬੁੱਲਾ ਖਿਲਾਫ਼ ਛੇੜੀ ਜੰਗ ਸ਼ਾਮਲ ਨਹੀਂ ਹੈ। ਇਜ਼ਰਾਇਲੀ ਫ਼ੌਜ ਨੇ ਮਗਰੋਂ ਕਿਹਾ ਕਿ ਲੈਬਨਾਨ ਵਿੱਚ ਲੜਾਈ ਤੇ ਜ਼ਮੀਨੀ ਕਾਰਵਾਈ ਜਾਰੀ ਹੈ।

ਇਸ ਦੌਰਾਨ ਇਰਾਨ ਦੇ ਖੇਤਰੀ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਜੰਗਬੰਦੀ ਦੀਆਂ ਸ਼ਰਤਾਂ ਤਹਿਤ ਇਰਾਨ ਤੇ ਓਮਾਨ ਹਰਮੁਜ਼ ਜਲ ਮਾਰਗ ਰਾਹੀਂ ਲੰਘਣ ਵਾਲੇ ਬੇੜਿਆਂ ਤੋਂ ਰਾਹਦਾਰੀ ਫੀਸ ਵਸੂਲਣਗੇ। ਅਧਿਕਾਰੀ ਨੇ ਕਿਹਾ ਕਿ ਇਰਾਨ ਇਹ ਪੈਸਾ ਆਪਣੇ ਪੁਨਰ ਨਿਰਮਾਣ ਲਈ ਵਰਤੇਗਾ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਮੋਟਾ ਪੈਸਾ ਬਣੇਗਾ। ਇਰਾਨ ਮੁੜ ਉਸਾਰੀ ਦਾ ਅਮਲ ਸ਼ੁਰੂ ਕਰ ਸਕਦਾ ਹੈ।’’ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਜਲ ਮਾਰਗ ਰਾਹੀਂ ਲਾਂਘੇ ਦੀ ਇਜਾਜ਼ਤ ਇਰਾਨੀ ਫ਼ੌਜੀ ਪ੍ਰਬੰਧ ਤਹਿਤ ਹੀ ਦਿੱਤੀ ਜਾਵੇਗੀ।

ਉਧਰ ਅਮਰੀਕਾ ਤੇ ਇਰਾਨ ਵਿਚਾਲੇ ਜੰਗਬੰਦੀ ਦੀ ਸਹਿਮਤੀ ਦੇ ਐਲਾਨ ਤੋਂ ਕੁਝ ਘੰਟਿਆਂ ਮਗਰੋਂ ਯੂ ਏ ਈ, ਇਜ਼ਰਾਈਲ, ਸਾਊਦੀ ਅਰਬ, ਬਹਿਰੀਨ ਤੇ ਕੁਵੈਤ ਵਿੱਚ ਮਿਜ਼ਾਈਲ ਅਲਰਟ ਜਾਰੀ ਕੀਤੇ ਗਏ। ਇਰਾਨੀ ਹਮਲੇ ਵਿੱਚ ਅਬੂ ਧਾਬੀ ਦੇ ਗੈਸ ਪ੍ਰੋਸੈਸਿਗ ਪਲਾਂਟ ਨੂੰ ਅੱਗ ਲੱਗ ਗਈ। ਯੂ ਏ ਈ ਤੇ ਕੁਵੈਤੀ ਫ਼ੌਜ ਨੇ ਇਰਾਨ ਦੇ ਮਿਜ਼ਾਈਲ ਤੇ ਡਰੋਨ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਰਾਨ ਦੇ ਸਰਕਾਰੀ ਟੀਵੀ ਨੇ ਦਾਅਵਾ ਕੀਤਾ ਕਿ ਲਾਵਾਨ ਟਾਪੂ ’ਚ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਭਾਰਤੀ ਨਾਗਰਿਕਾਂ ਨੂੰ ਫ਼ੌਰੀ ਇਰਾਨ ਛੱਡਣ ਦੀ ਸਲਾਹ

ਦੁਬਈ: ਭਾਰਤ ਨੇ ਇਰਾਨ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਫ਼ੌਰੀ ਮੁਲਕ ਛੱਡਣ ਦੀ ਸਲਾਹ ਦਿੱਤੀ ਹੈ। ਭਾਰਤੀ ਸਫ਼ਾਰਤਖ਼ਾਨੇ ਨੇ ਐਡਵਾਈਜ਼ਰੀ ਵਿੱਚ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਤਹਿਰਾਨ ਵਿਚਲੇ ਮਿਸ਼ਨ ਵੱਲੋਂ ਸੁਝਾਏ ਰੂਟਾਂ ਦੀ ਹੀ ਵਰਤੋਂ ਕਰਨ। ਸਫ਼ਾਰਤਖ਼ਾਨੇ ਨੇ ਕਿਹਾ ਕਿ ਮਿਸ਼ਨ ਨਾਲ ਸਲਾਹ ਮਸ਼ਵਰੇ ਤੇ ਤਾਲਮੇਲ ਤੋਂ ਬਗ਼ੈਰ ਕਿਸੇ ਵੀ ਕੌਮਾਂਤਰੀ ਜ਼ਮੀਨੀ ਸਰਹੱਦ ਉੱਤੇ ਪਹੁੰਚਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਫ਼ਾਰਤਖ਼ਾਨੇ ਨੇ ਐਮਰਜੈਂਸੀ ਸੰਪਰਕ ਨੰਬਰ (+989128109115; +989128109102; +989128109109, and +989932179359) ਤੇ ਈਮੇਲ (cons.tehran@mea.gov.in) ਵੀ ਜਾਰੀ ਕੀਤੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਇਰਾਨ ਵਿੱਚ ਵਿਦਿਆਰਥੀਆਂ ਸਣੇ ਕਰੀਬ 9000 ਭਾਰਤੀ ਮੌਜੂਦ ਹਨ। ਹੁਣ ਤੱਕ ਕਰੀਬ 1800 ਭਾਰਤੀ ਵਤਨ ਵਾਪਸੀ ਕਰ ਚੁੱਕੇ ਹਨ। -ਪੀਟੀਆਈ

ਇਸਲਾਮਾਬਾਦ ਵਿੱਚ ਸ਼ਾਂਤੀ ਵਾਰਤਾ ’ਚ ਸ਼ਾਮਲ ਹੋਵੇਗਾ ਤਹਿਰਾਨ: ਸ਼ਾਹਬਾਜ਼

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅਮਰੀਕਾ ਨਾਲ 10 ਅਪਰੈਲ ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨ ਦੀ ਵਿਚੋਲਗੀ ਨਾਲ ਹੋ ਰਹੀ ਸ਼ਾਂਤੀ ਵਾਰਤਾ ਵਿੱਚ ਤਹਿਰਾਨ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਸ਼ਾਹਬਾਜ਼ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਦਰਮਿਆਨ ਜੰਗਬੰਦੀ ਦੀ ਸਹਿਮਤੀ ਦੇ ਕੁਝ ਘੰਟਿਆਂ ਮਗਰੋਂ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਟੈਲੀਫੋਨ ਉੱਤੇ ‘ਨਿੱਘੀ ਤੇ ਸਾਰਥਕ’ ਗੱਲਬਾਤ ਹੋਈ। ਉਨ੍ਹਾਂ ਅਮਰੀਕਾ ਨਾਲ ਹੋਣ ਵਾਲੀ ਸ਼ਾਂਤੀ ਵਾਰਤਾ ਵਿੱਚ ਇਰਾਨ ਦੇ ਸ਼ਾਮਲ ਹੋਣ ਦੀ ਤਸਦੀਕ ਕੀਤੀ ਹੈ। ਹਾਲਾਂਕਿ ਇਹ ਸਾਫ਼ ਨਹੀਂ ਕਿ 10 ਅਪਰੈਲ ਲਈ ਤਜਵੀਜ਼ਤ ਗੱਲਬਾਤ ’ਚ ਇਰਾਨ ਦੀ ਨੁਮਾਇੰਦਗੀ ਕੌਣ ਕਰੇਗਾ। -ਪੀਟੀਆਈ

ਹਥਿਆਰ ਦੇਣ ਵਾਲਿਆਂ ’ਤੇ 50 ਫ਼ੀਸਦ ਟੈਰਿਫ਼ ਲਾਵਾਂਗੇ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਵੱਲੀ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਮਗਰੋਂ ਇਸਲਾਮਿਕ ਗਣਰਾਜ (ਇਰਾਨ) ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮੁਲਕਾਂ ਨੂੰ ਅਮਰੀਕਾ ’ਚ ਦਰਾਮਦ ਵਸਤਾਂ ਲਈ 50 ਫ਼ੀਸਦ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਟਰੁਥ ਸੋਸ਼ਲ ’ਤੇ ਪੋਸਟ ਵਿੱਚ ਕਿਹਾ ਕਿ ਇਹ ਟੈਰਿਫ਼ ਫੌਰੀ ਲਾਗੂ ਹੋਵੇਗਾ ਤੇ ਇਸ ਲਈ ‘ਕੋਈ ਛੋਟ’ ਨਹੀਂ ਮਿਲੇਗੀ। ਅਮਰੀਕੀ ਸਦਰ ਨੇ ਇਕ ਵੱਖਰੀ ਪੋਸਟ ਵਿੱਚ ਕਿਹਾ ਕਿ ਇਰਾਨ ਵਿੱਚ ‘ਨਿਜ਼ਾਮ ਤਬਦੀਲੀ’ ਦੇ ਅਮਲ ਨੂੰ ਪੂਰਾ ਕਰਨ ਲਈ ਉਹ ਇਸਲਾਮਿਕ ਗਣਰਾਜ ਨਾਲ ‘ਨੇੜੇ ਹੋ ਕੇ ਕੰਮ’ ਕਰਨਗੇ। -ਏਐੱਨਆਈ

ਜੰਗਬੰਦੀ ਦਾ ਭਾਰਤ ਵੱਲੋਂ ਸਵਾਗਤ

ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਲਈ ਜੰਗਬੰਦੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਭਾਰਤ ਨੇ ਹਰਮੁਜ਼ ਜਲ ਮਾਰਗ ਰਾਹੀਂ ਨੈਵੀਗੇਸ਼ਨ ਅਤੇ ਵਪਾਰ ਦੀ ਬੇਰੋਕ ਆਜ਼ਾਦੀ ਦਾ ਸੱਦਾ ਦਿੱਤਾ। ਭਾਰਤ ਨੇ ਉਮੀਦ ਜਤਾਈ ਕਿ ਜੰਗਬੰਦੀ ਨਾਲ ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦੀ ਵਾਪਸੀ ਹੋਵੇਗੀ। ਨਵੀਂ ਦਿੱਲੀ ਨੇ ਕਿਹਾ ਕਿ ਉਸ ਨੇ ਮਸਲੇ ਦੇ ਹੱਲ ਲਈ ਸੰਵਾਦ ਤੇ ਕੂਟਨੀਤੀ ਦੀ ਹਮੇਸ਼ਾ ਵਕਾਲਤ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਜੰਗਬੰਦੀ ਨਾਲ ਪੱਛਮੀ ਏਸ਼ੀਆ ’ਚ ਅਮਨ ਦੀ ਵਾਪਸੀ ਹੋਵੇਗੀ।’’ -ਪੀਟੀਆਈ

ਸ਼ੇਅਰ ਬਾਜ਼ਾਰ ਚੜ੍ਹਿਆ, ਤੇਲ ਡਿੱਗਿਆ

ਮੁੰਬਈ/ਨਿਊਯਾਰਕ: ਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਆਲਮੀ ਬਾਜ਼ਾਰਾਂ ’ਚ ਜ਼ੋਰਦਾਰ ਤੇਜ਼ੀ ਮਗਰੋਂ ਭਾਰਤੀ ਸ਼ੇਅਰ ਬਾਜ਼ਾਰ ਕਰੀਬ ਚਾਰ ਫ਼ੀਸਦੀ ਚੜ੍ਹ ਗਏ। ਉਧਰ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗ ਗਈਆਂ ਹਨ। ਆਰ ਬੀ ਆਈ ਵੱਲੋਂ ਰੈਪੋ ਦਰ ’ਚ ਕੋਈ ਤਬਦੀਲੀ ਨਾ ਕੀਤੇ ਜਾਣ ਦੇ ਫ਼ੈਸਲੇ ਨਾਲ ਡਾਲਰ ਦੇ ਮੁਕਾਬਲੇ ਰੁਪੱਇਆ ਮਜ਼ਬੂਤ ਹੋਇਆ। ਬੀ ਐੱਸ ਈ ਸੈਂਸੈਕਸ 2946.32 ਅੰਕ ਜਾਂ 3.95 ਫ਼ੀਸਦ ਚੜ੍ਹ ਕੇ 77562.90 ’ਤੇ ਬੰਦ ਹੋਇਆ। ਐੱਨ ਐੱਸ ਈ ਨਿਫਟੀ ’ਚ 873.70 ਅੰਕਾਂ ਦੀ ਤੇਜ਼ੀ ਜਾਂ 3.78 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਇਹ 23,997.35 ਅੰਕਾਂ ’ਤੇ ਪਹੁੰਚ ਗਿਆ। ਬੀਤੇ 11 ਮਹੀਨਿਆਂ ’ਚ ਇਹ ਇਕ ਦਿਨ ’ਚ ਸਭ ਤੋਂ ਵੱਧ ਅੰਕਾਂ ਦਾ ਵਾਧਾ ਹੈ। ਬ੍ਰੈਂਟ ਕੱਚੇ ਤੇਲ ’ਚ 13.89 ਫ਼ੀਸਦ ਦੀ ਗਿਰਾਵਟ ਦਰਜ ਹੋਈ ਅਤੇ ਇਹ 94.09 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਅਮਰੀਕੀ ਡਾਲਰ ਦੇ ਮੁਕਾਬਲੇ ’ਚ ਰੁਪੱਈਆ 47 ਪੈਸੇ ਮਜ਼ਬੂਤ ਹੋ ਕੇ 92.59 (ਆਰਜ਼ੀ) ’ਤੇ ਬੰਦ ਹੋਇਆ। ਉਧਰ ਕੌਮੀ ਰਾਜਧਾਨੀ ’ਚ ਚਾਂਦੀ ਦਾ ਭਾਅ 11 ਹਜ਼ਾਰ ਰੁਪਏ ਵਧ ਕੇ 2.51 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਿਆ। ਸੋਨੇ ’ਚ ਵੀ ਤੇਜ਼ੀ ਦੇਖੀ ਗਈ ਅਤੇ ਇਸ ਦੀ ਕੀਮਤ 3200 ਰੁਪਏ ਚੜ੍ਹ ਕੇ 156400 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਉਧਰ ਬ੍ਰੈਂਟ ਕੱਚੇ ਤੇਲ ਦੀ ਕੀਮਤ 13.3 ਫ਼ੀਸਦੀ ਡਿੱਗ ਕੇ 94.74 ਡਾਲਰ ’ਤੇ ਪਹੁੰਚ ਗਈ ਹੈ। –ਪੀਟੀਆਈ

ਗੱਲਬਾਤ ਦੀ ਯੋਜਨਾ ਬਾਰੇ ਹਾਲੇ ਕੁਝ ਵੀ ਫਾਈਨਲ ਨਹੀਂ: ਵ੍ਹਾਈਟ ਹਾਊਸ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਕਿ ਇਰਾਨ ਦੇ ਨੁਮਾਇੰਦਿਆਂ ਨਾਲ ਆਹਮੋ- ਸਾਹਮਣੀ ਗੱਲਬਾਤ ਦੀ ਯੋਜਨਾ ਬਾਰੇ ਕੁਝ ਵੀ ‘ਫਾਈਨਲ’ ਨਹੀਂ ਹੈ। ਪਾਕਿਸਤਾਨ ਵਿੱਚ ਸ਼ੁੱਕਰਵਾਰ ਲਈ ਤਜਵੀਜ਼ਤ ਇਸ ਬੈਠਕ ਵਿੱਚ ਉਪ ਰਾਸ਼ਟਰਪਤੀ ਜੇ ਡੀ ਵਾਂਸ ਦੀ ਸ਼ਮੂਲੀਅਤ ਸਬੰਧੀ ਸਵਾਲ ਦੇ ਜਵਾਬ ਵਿੱਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੈਵਿਟ ਨੇ ਕਿਹਾ, ‘‘ਆਹਮੋ-ਸਾਹਮਣੀ ਗੱਲਬਾਤ ਬਾਰੇ ਵਿਚਾਰ ਚਰਚਾ ਜਾਰੀ ਹੈ ਪਰ ਜਦੋਂ ਤੱਕ ਰਾਸ਼ਟਰਪਤੀ ਜਾਂ ਵ੍ਹਾਈਟ ਹਾਊਸ ਵੱਲੋਂ ਕੋਈ ਐਲਾਨ ਨਹੀਂ ਹੁੰਦਾ, ਉਦੋਂ ਤੱਕ ਕੁਝ ਵੀ ਅੰਤਿਮ ਨਹੀਂ ਹੈ।’’ ਉਪ ਰਾਸ਼ਟਰਪਤੀ ਇਸ ਵੇਲੇ ਹੰਗਰੀ ਵਿੱਚ ਹਨ, ਜਿੱਥੇ ਉਹ ਅਗਾਮੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਵਿਕਟਰ ਓਰਬਨ ਦੀ ਹਮਾਇਤ ਕਰ ਰਹੇ ਹਨ। -ਏਪੀ

US And Iran Agree To Two week Ceasefire


Recommended News
Trending
Just Now