April 9, 2026
Punjab Speaks Team / Punjab
09 ਅਪ੍ਰੈਲ 2026 :ਅਸਾਮ, ਕੇਰਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ ਤੋਂ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਸਵੇਰੇ 9 ਵਜੇ ਤੱਕ ਅਸਾਮ ਵਿੱਚ 17.87 ਫੀਸਦੀ, ਕੇਰਲ ਵਿੱਚ 16.23 ਫੀਸਦੀ ਅਤੇ ਪੁਡੂਚੇਰੀ ਵਿੱਚ 17.41 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਕਿ ਵੋਟਿੰਗ ਵਾਲੇ ਦਿਨ ਦੀ ਇੱਕ ਉਤਸ਼ਾਹਜਨਕ ਸ਼ੁਰੂਆਤ ਨੂੰ ਦਰਸਾਉਂਦੀ ਹੈ।
ਚੋਣ ਕਮਿਸ਼ਨ ਨੇ ਸੁਤੰਤਰ, ਨਿਰਪੱਖ ਅਤੇ ਸੁਚਾਰੂ ਮਤਦਾਨ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਵੋਟਰ ਇਕੋ ਪੜਾਅ ਦੀਆਂ ਇਨ੍ਹਾਂ ਚੋਣਾਂ ਵਿੱਚ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ।
ਇਸ ਪੜਾਅ ਵਿੱਚ ਅਸਾਮ ਦੀਆਂ 126, ਕੇਰਲ ਦੀਆਂ 140 ਅਤੇ ਪੁਡੂਚੇਰੀ ਦੀਆਂ 30 ਸੀਟਾਂ ਲਈ ਵੋਟਿੰਗ ਹੋ ਰਹੀ ਹੈ, ਜਦੋਂ ਕਿ ਤਾਮਿਲਨਾਡੂ ਵਿੱਚ 23 ਅਪਰੈਲ ਅਤੇ ਪੱਛਮੀ ਬੰਗਾਲ ਵਿੱਚ 23 ਤੇ 29 ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਸਾਰੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਕੇਰਲ ਵਿੱਚ 2.6 ਕਰੋੜ ਤੋਂ ਵੱਧ ਵੋਟਰ 140 ਹਲਕਿਆਂ ਵਿੱਚ 883 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿੱਥੇ 30,471 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਸੁਰੱਖਿਆ ਲਈ 1,200 ਤੋਂ ਵੱਧ ਪੁਲੀਸ ਟੀਮਾਂ ਤਾਇਨਾਤ ਹਨ।
ਇੱਥੇ ਮੁੱਖ ਮੁਕਾਬਲਾ ਸੱਤਾਧਾਰੀ ਐੱਲ ਡੀ ਐੱਫ (LDF) ਅਤੇ ਵਿਰੋਧੀ ਧਿਰ ਯੂ ਡੀ ਐੱਫ (UDF) ਵਿਚਕਾਰ ਹੈ, ਹਾਲਾਂਕਿ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ (NDA) ਵੀ ਮਜ਼ਬੂਤ ਉਮੀਦਾਂ ਲਗਾਈ ਬੈਠਾ ਹੈ। ਅਸਾਮ ਵਿੱਚ 2.5 ਕਰੋੜ ਤੋਂ ਵੱਧ ਵੋਟਰ 722 ਉਮੀਦਵਾਰਾਂ ਲਈ ਵੋਟ ਪਾਉਣਗੇ, ਜਿੱਥੇ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਾਂਗਰਸ ਨੇ ਛੇ ਪਾਰਟੀਆਂ ਨਾਲ ਗਠਜੋੜ ਕੀਤਾ ਹੈ। ਪੁੱਡੂਚੇਰੀ ਵਿੱਚ 10.14 ਲੱਖ ਵੋਟਰ 30 ਮੈਂਬਰੀ ਵਿਧਾਨ ਸਭਾ ਦੀ ਚੋਣ ਕਰਨਗੇ, ਜਿੱਥੇ ਸੱਤਾਧਾਰੀ ਐੱਨ ਡੀ ਏ ਅਤੇ ਕਾਂਗਰਸ-ਡੀ ਐੱਮ ਕੇ ਗਠਜੋੜ ਵਿਚਾਲੇ ਮੁਕਾਬਲਾ ਹੈ, ਜਿਸ ਵਿੱਚ ਅਭਿਨੇਤਾ ਵਿਜੇ ਦੀ ਪਾਰਟੀ ਟੀ ਵੀ ਕੇ (TVK) ਇਸ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਰੇ ਖੇਤਰਾਂ ਵਿੱਚ ਡਰੋਨਾਂ ਅਤੇ ਵੈਬਕਾਸਟਿੰਗ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ।
ਪ੍ਰਧਾਨ ਮੰਤਰੀ ਮੋਦੀ ਨੇ ਅਸਾਮ, ਕੇਰਲਾ, ਪੁਡੂਚੇਰੀ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਸਾਮ, ਕੇਰਲਾ ਅਤੇ ਪੁਡੂਚੇਰੀ ਦੇ ਲੋਕਾਂ ਨੂੰ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਧ-ਚੜ੍ਹ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਅੰਗਰੇਜ਼ੀ ਦੇ ਨਾਲ-ਨਾਲ ਅਸਾਮੀ, ਮਲਿਆਲਮ ਅਤੇ ਤਮਿਲ ਭਾਸ਼ਾਵਾਂ (ਜੋ ਕਿ ਅਸਾਮ, ਕੇਰਲਾ ਅਤੇ ਪੁਡੂਚੇਰੀ ਦੀਆਂ ਖੇਤਰੀ ਭਾਸ਼ਾਵਾਂ ਹਨ) ਵਿੱਚ ਵੱਖੋ-ਵੱਖਰੇ ਸੰਦੇਸ਼ਾਂ ਰਾਹੀਂ ਖਾਸ ਕਰਕੇ ਨੌਜਵਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਵੋਟ ਪਾਉਣ।
Voting Underway For 2026 Assembly Elections In Assam Kerala And Puducherry