June 10, 2026
Punjab Speaks Team / Punjab
10 ਜੂਨ 2026 :ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਪਾਕਿਸਤਾਨ ਅਤੇ ਚੀਨ ਦੀ ਉਸ ਸਾਂਝੀ ਕੋਸ਼ਿਸ਼ ਨੂੰ ਰੋਕ ਦਿੱਤਾ ਹੈ, ਜਿਸ ਵਿੱਚ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਅਤੇ ਮਜੀਦ ਬ੍ਰਿਗੇਡ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਗਈ ਸੀ।
ਪਾਕਿਸਤਾਨ ਅਤੇ ਚੀਨ ਨੇ ਪਿਛਲੇ ਸਾਲ ਸਤੰਬਰ ਵਿੱਚ ਸੁਰੱਖਿਆ ਪ੍ਰੀਸ਼ਦ ਦੀ ‘1267 ਅਲ-ਕਾਇਦਾ ਪ੍ਰਤੀਬੰਧ ਕਮੇਟੀ’ ਦੇ ਤਹਿਤ ਬੀ.ਐਲ.ਏ. ਅਤੇ ਮਜੀਦ ਬ੍ਰਿਗੇਡ ਨੂੰ ਬਲੈਕਲਿਸਟ ਕਰਨ ਲਈ ਇੱਕ ਸਾਂਝਾ ਪ੍ਰਸਤਾਵ ਪੇਸ਼ ਕੀਤਾ ਸੀ। ਪਤਾ ਲੱਗਾ ਹੈ ਕਿ ਇਸ ਮਹੀਨੇ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਇਸ ਕੋਸ਼ਿਸ਼ ਨੂੰ ਰੋਕ ਦਿੱਤਾ। ਇਹ ਤਿੰਨੋਂ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਵੀਟੋ ਅਧਿਕਾਰ ਵਾਲੇ ਮੈਂਬਰ ਹਨ।
ਪਾਕਿਸਤਾਨ ਨੇ ਕੀ ਕਿਹਾ ਸੀ
ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਰਾਜਦੂਤ ਆਸਿਮ ਇਫ਼ਤਿਖਾਰ ਅਹਿਮਦ ਨੇ ਕਿਹਾ ਸੀ ਕਿ ISIL-K, ਅਲ-ਕਾਇਦਾ, ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ (TTP), ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ, ਬੀ.ਐਲ.ਏ. ਅਤੇ ਮਜੀਦ ਬ੍ਰਿਗੇਡ ਵਰਗੇ ਅੱਤਵਾਦੀ ਸੰਗਠਨ ਅਫ਼ਗਾਨਿਸਤਾਨ ਵਿੱਚ ਮੌਜੂਦ ਟਿਕਾਣਿਆਂ ਤੋਂ ਕੰਮ ਕਰਦੇ ਹਨ। ਅਜਿਹੇ 60 ਤੋਂ ਵੱਧ ਅੱਤਵਾਦੀ ਕੈਂਪ ਹਨ ਜੋ ਸਰਹੱਦ ਪਾਰ ਘੁਸਪੈਠ ਅਤੇ ਹਮਲਿਆਂ ਲਈ ਕੇਂਦਰ ਦਾ ਕੰਮ ਕਰਦੇ ਹਨ।
ਅਹਿਮਦ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿੱਚ ਕਿਹਾ, “ਪਾਕਿਸਤਾਨ ਅਤੇ ਚੀਨ ਨੇ ਸਾਂਝੇ ਤੌਰ ‘ਤੇ 1267 ਪ੍ਰਤੀਬੰਧ ਕਮੇਟੀ ਕੋਲ ਬੀ.ਐਲ.ਏ. ਅਤੇ ਮਜੀਦ ਬ੍ਰਿਗੇਡ ਨੂੰ ਨਾਮਜ਼ਦ ਕਰਨ ਦੀ ਬੇਨਤੀ ਸੌਂਪੀ ਹੈ। ਸਾਨੂੰ ਉਮੀਦ ਹੈ ਕਿ ਪ੍ਰੀਸ਼ਦ ਉਨ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਇਸ ਸੂਚੀਕਰਨ ‘ਤੇ ਤੇਜ਼ੀ ਨਾਲ ਕਾਰਵਾਈ ਕਰੇਗੀ।”
ਪਾਕਿਸਤਾਨ ਅਜੇ 2025-26 ਦੇ ਕਾਰਜਕਾਲ ਲਈ 15 ਦੇਸ਼ਾਂ ਵਾਲੀ ਸੁਰੱਖਿਆ ਪ੍ਰੀਸ਼ਦ ਵਿੱਚ ਇੱਕ ਅਸਥਾਈ ਮੈਂਬਰ ਵਜੋਂ ਸ਼ਾਮਲ ਹੈ, ਜਦਕਿ ਚੀਨ ਇਸ ਸੰਸਥਾ ਦਾ ਵੀਟੋ ਅਧਿਕਾਰ ਵਾਲਾ ਸਥਾਈ ਮੈਂਬਰ ਹੈ।
ਪਹਿਲਾਂ ਚੀਨ ਨੇ ਅੜਾਈ ਸੀ ਲੱਤ
ਪਾਕਿਸਤਾਨ 2025 ਲਈ ਯੂ.ਐਨ. ਸੁਰੱਖਿਆ ਪ੍ਰੀਸ਼ਦ ਦੀ 1988 ਤਾਲਿਬਾਨ ਪ੍ਰਤੀਬੰਧ ਕਮੇਟੀ ਦਾ ਪ੍ਰਧਾਨ ਅਤੇ ਅੱਤਵਾਦ-ਵਿਰੋਧੀ ਕਮੇਟੀ ਦਾ ਉਪ-ਪ੍ਰਧਾਨ ਸੀ। ਇਸ ਤੋਂ ਪਹਿਲਾਂ ਯੂ.ਐਨ. ਸੁਰੱਖਿਆ ਪ੍ਰੀਸ਼ਦ ਦੇ ਸਥਾਈ ਅਤੇ ਵੀਟੋ ਦਾ ਅਧਿਕਾਰ ਰੱਖਣ ਵਾਲੇ ਮੈਂਬਰ ਚੀਨ ਨੇ ਪ੍ਰੀਸ਼ਦ ਦੀ ‘1267 ਅਲ-ਕਾਇਦਾ ਪ੍ਰਤੀਬੰਧ ਕਮੇਟੀ’ ਦੇ ਤਹਿਤ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਨਾਮਜ਼ਦ ਕਰਨ ਲਈ ਭਾਰਤ ਅਤੇ ਉਸ ਦੇ ਸਹਿਯੋਗੀਆਂ ਦੇ ਕਈ ਪ੍ਰਸਤਾਵਾਂ ਨੂੰ ਰੋਕ ਦਿੱਤਾ ਸੀ।
ਅਮਰੀਕਾ ਦਾ ਕੀ ਮੰਨਣਾ ਹੈ
ਅਮਰੀਕਾ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਉਸ ਦੇ ਦੂਜੇ ਨਾਮ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਵਿਦੇਸ਼ ਵਿਭਾਗ ਨੇ ਬੀ.ਐਲ.ਏ. ਦੇ ਪਹਿਲਾਂ ਤੋਂ ਮੌਜੂਦ ‘ਖਾਸ ਤੌਰ ‘ਤੇ ਨਾਮਜ਼ਦ ਗਲੋਬਲ ਅੱਤਵਾਦੀ’ (SDGT) ਵਾਲੇ ਰੁਤਬੇ ਵਿੱਚ ਮਜੀਦ ਬ੍ਰਿਗੇਡ ਨੂੰ ਵੀ ਉਸ ਦੇ ਇੱਕ ਹੋਰ ਨਾਮ ਵਜੋਂ ਸ਼ਾਮਲ ਕੀਤਾ ਹੈ।
ਸਟੇਟ ਡਿਪਾਰਟਮੈਂਟ ਨੇ ਕਿਹਾ ਸੀ, “ਇਹ ਕਾਰਵਾਈ ਅੱਤਵਾਦ ਦਾ ਮੁਕਾਬਲਾ ਕਰਨ ਲਈ ਟਰੰਪ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅੱਤਵਾਦੀ ਵਜੋਂ ਨਾਮ ਤੈਅ ਕਰਨਾ ਇਸ ਬੁਰਾਈ ਵਿਰੁੱਧ ਸਾਡੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਲਈ ਮਿਲਣ ਵਾਲੇ ਸਮਰਥਨ ਨੂੰ ਰੋਕਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।”
ਕਈ ਅੱਤਵਾਦੀ ਹਮਲਿਆਂ ਤੋਂ ਬਾਅਦ 2019 ਵਿੱਚ ਵਾਸ਼ਿੰਗਟਨ ਨੇ ਬੀ.ਐਲ.ਏ. ਨੂੰ SDGT ਐਲਾਨਿਆ ਸੀ। ਸਟੇਟ ਡਿਪਾਰਟਮੈਂਟ ਨੇ ਦੱਸਿਆ ਕਿ 2019 ਤੋਂ ਬਾਅਦ ਬੀ.ਐਲ.ਏ. ਨੇ ਹੋਰ ਵੀ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਨ੍ਹਾਂ ਵਿੱਚ ਮਜੀਦ ਬ੍ਰਿਗੇਡ ਵੱਲੋਂ ਕੀਤੇ ਗਏ ਹਮਲੇ ਵੀ ਸ਼ਾਮਲ ਹਨ।
Pakistan Gets A Big Blow From America Vetoes Proposal To Blacklist BLA In UNSC