June 11, 2026
11 ਜੂਨ 2026 : ਏਅਰ ਕੈਨੇਡਾ ਦਾ ਇੱਕ ਕੈਪਟਨ ਬਿਨਾਂ ਲਾਇਸੈਂਸ ਦੇ ਕਰੀਬ 17 ਸਾਲ ਤੱਕ ਸੈਂਕੜੇ ਯਾਤਰੀ ਜਹਾਜ਼ ਉਡਾਉਂਦਾ ਰਿਹਾ। ਏਅਰ ਕੈਨੇਡਾ ਦੇ ਸਾਬਕਾ ਪਾਇਲਟ ਜੈਫਰੀ ਵਾਲ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2009 ਤੋਂ 2025 ਦੇ ਵਿਚਕਾਰ 900 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਭਰੀਆਂ, ਜਦੋਂ ਕਿ ਉਨ੍ਹਾਂ ਕੋਲ ਕੈਪਟਨ ਬਣਨ ਲਈ ਲਾਜ਼ਮੀ ‘ਏਅਰਲਾਈਨ ਟ੍ਰਾਂਸਪੋਰਟ ਪਾਇਲਟ ਲਾਇਸੈਂਸ ਫਾਰ ਏਅਰੋਪਲੇਨ’ ਨਹੀਂ ਸੀ। ਪਾਇਲਟ ਕ੍ਰੇਡੈਂਸ਼ੀਅਲਸ ਵਿੱਚ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਧੋਖਾਧੜੀ ਤੋਂ ਬਾਅਦ ਜੈਫਰੀ ਵਾਲ ਨੂੰ 1 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਧੋਖਾਧੜੀ ਦੌਰਾਨ ਜੈਫਰੀ ਵਾਲ ਨੇ ਬੋਇੰਗ 767, 777 ਅਤੇ 787 ਵਰਗੇ ਵੱਡੇ ਅਤੇ ਆਧੁਨਿਕ ਜਹਾਜ਼ ਉਡਾਏ। ਉਨ੍ਹਾਂ ਨੇ ਇਹਨਾਂ ਉਡਾਣਾਂ ਦੇ ਜ਼ਰੀਏ ਹਜ਼ਾਰਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਅਤੇ ਤਨਖ਼ਾਹ ਦੇ ਰੂਪ ਵਿੱਚ ਲਗਭਗ 20 ਲੱਖ ਅਮਰੀਕੀ ਡਾਲਰ ਤੋਂ ਵੱਧ ਕਮਾਏ।
ਓਂਟਾਰੀਓ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਿਲਿਨੋਵਿਚ ਨੇ ਕਿਹਾ, “ਇਸ ਜਾਂਚ ਅਤੇ ਇਸ ਨਾਲ ਜੁੜੇ ਵੇਰਵੇ ਕਿਸੇ ਫ਼ਿਲਮੀ ਸਕ੍ਰਿਪਟ ਵਰਗੇ ਲੱਗਦੇ ਹਨ। ਮੁਲਜ਼ਮ ‘ਪਾਇਲਟ ਇਨ ਕਮਾਂਡ’ ਦੇ ਅਹੁਦੇ ਤੱਕ ਪਹੁੰਚ ਗਿਆ ਅਤੇ ਲਗਪਗ 17 ਸਾਲਾਂ ਤੱਕ ਬੋਇੰਗ ਜਹਾਜ਼ ਉਡਾਉਂਦਾ ਰਿਹਾ।”
ਯੋਗਤਾ ਸੀ, ਪਰ ਨਹੀਂ ਸੀ ਕੈਪਟਨ ਦਾ ਲਾਇਸੈਂਸ
ਜੈਫਰੀ ਵਾਲ ਪੂਰੀ ਤਰ੍ਹਾਂ ਅਯੋਗ ਜਹਾਜ਼ ਚਾਲਕ ਨਹੀਂ ਸਨ। ਏਅਰ ਕੈਨੇਡਾ ਦੇ ਨਾਲ ਆਪਣੇ 27 ਸਾਲਾਂ ਦੇ ਕਰੀਅਰ ਦੌਰਾਨ ਉਨ੍ਹਾਂ ਕੋਲ ਇੱਕ ਕਮਰਸ਼ੀਅਲ ਪਾਇਲਟ ਲਾਇਸੈਂਸ ਸੀ ਅਤੇ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਕਮਰਸ਼ੀਅਲ ਜਹਾਜ਼ ਉਡਾਉਣ ਦੀ ਇਜਾਜ਼ਤ ਸੀ। ਹਾਲਾਂਕਿ, ਜਦੋਂ 2009 ਵਿੱਚ ਉਨ੍ਹਾਂ ਨੂੰ ਪ੍ਰਮੋਟ ਕਰਕੇ ਕੈਪਟਨ ਬਣਾਇਆ ਗਿਆ, ਉਦੋਂ ਉਨ੍ਹਾਂ ਨੇ ਇਸਦੇ ਲਈ ਜ਼ਰੂਰੀ ਉੱਚ-ਪੱਧਰੀ ATPL-A ਲਾਇਸੈਂਸ ਕਦੇ ਹਾਸਲ ਨਹੀਂ ਕੀਤਾ।
ਡਿਪਟੀ ਚੀਫ਼ ਮਿਲਿਨੋਵਿਚ ਨੇ ਇਸਦੀ ਤੁਲਨਾ ਕਰਦਿਆਂ ਕਿਹਾ, “ਇਹ ਬਿਲਕੁਲ ਅਜਿਹਾ ਹੀ ਹੈ ਜਿਵੇਂ ਕੋਈ ਡਾਕਟਰ ਫੈਮਿਲੀ ਮੈਡੀਸਨ ਦੀ ਪ੍ਰੈਕਟਿਸ ਕਰਨ ਲਈ ਲਾਇਸੈਂਸਸ਼ੁਦਾ ਹੋਵੇ, ਪਰ ਉਹ ਆਪਣੇ ਕਲੀਨਿਕ ਵਿੱਚ ਬ੍ਰੇਨ ਸਰਜਰੀ ਕਰ ਰਿਹਾ ਹੋਵੇ। ਪੇਸ਼ੇਵਰ ਅਹੁਦਿਆਂ ਲਈ ਵਾਧੂ ਲੋੜਾਂ ਅਤੇ ਨਿਯਮ ਕਿਸੇ ਠੋਸ ਵਜ੍ਹਾ ਕਰਕੇ ਹੀ ਬਣਾਏ ਜਾਂਦੇ ਹਨ। ਸਾਡਾ ਮੰਨਣਾ ਹੈ ਕਿ ਮੁਲਜ਼ਮ ਨੇ ਕੰਪਨੀ ਅਤੇ ਰੈਗੂਲੇਟਰ ਦੋਵਾਂ ਦੇ ਸਾਹਮਣੇ ਆਪਣੀਆਂ ਯੋਗਤਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ।”
ਕਿਵੇਂ ਖੁੱਲ੍ਹਿਆ ਇਸ ਧੋਖਾਧੜੀ ਦਾ ਰਾਜ਼?
ਇਸ ਵੱਡੇ ਫਰਜ਼ੀਵਾੜੇ ਦਾ ਖੁਲਾਸਾ ਸਾਲ 2025 ਵਿੱਚ ਜੈਫਰੀ ਵਾਲ ਦੇ ਦਸਤਾਵੇਜ਼ਾਂ ਦੀ ਇੱਕ ਰੂਟੀਨ ਸਮੀਖਿਆ ਦੌਰਾਨ ਹੋਇਆ। ਅਧਿਕਾਰੀਆਂ ਨੂੰ ਪਾਇਲਟ ਦੇ ਲਾਇਸੈਂਸ ਨਾਲ ਜੁੜੇ ਦਸਤਾਵੇਜ਼ਾਂ ਵਿੱਚ ਕੁਝ ਗੜਬੜੀਆਂ ਮਿਲੀਆਂ, ਜਿਸ ਤੋਂ ਬਾਅਦ ਏਅਰ ਕੈਨੇਡਾ ਨੇ ਤੁਰੰਤ ਹਵਾਬਾਜ਼ੀ ਰੈਗੂਲੇਟਰਾਂ ਨੂੰ ਇਸਦੀ ਸੂਚਨਾ ਦਿੱਤੀ। ਇਸ ਸਾਲ ਦੀ ਸ਼ੁਰੂਆਤ ਵਿੱਚ ਅਧਿਕਾਰੀਆਂ ਦੁਆਰਾ ‘ਪ੍ਰੋਜੈਕਟ ਇਕਾਰਸ’ ਨਾਮਕ ਅਪਰਾਧਿਕ ਅਤੇ ਰੈਗੂਲੇਟਰੀ ਜਾਂਚ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਜੈਫਰੀ ਵਾਲ ਨੇ ਸਵੈ-ਇੱਛਤ ਸੇਵਾਮੁਕਤੀ ਲਈ ਸੀ।
ਏਅਰ ਕੈਨੇਡਾ ਨੇ ਇਸ ਘਟਨਾ ‘ਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੇ ਸਾਰੇ ਪਾਇਲਟ ਨਿਯਮਿਤ ਸਿਖਲਾਈ ਅਤੇ ਕ੍ਰੇਡੈਂਸ਼ੀਅਲ ਜਾਂਚ ਵਿੱਚੋਂ ਲੰਘਦੇ ਹਨ।
ਏਅਰਲਾਈਨ ਨੇ ਕਿਹਾ, “ਇਸ ਘਟਨਾ ਨਾਲ ਸੁਰੱਖਿਆ ਦੇ ਮੋਰਚੇ ‘ਤੇ ਕੋਈ ਸਮਝੌਤਾ ਨਹੀਂ ਹੋਇਆ ਕਿਉਂਕਿ ਏਅਰ ਕੈਨੇਡਾ ਦੇ ਸਾਰੇ ਪਾਇਲਟਾਂ ਨੂੰ ਆਪਣੀ ਉਡਾਣ ਸਮਰੱਥਾ ਸਾਬਤ ਕਰਨ ਲਈ ਹਰ ਛੇ ਮਹੀਨੇ ਵਿੱਚ ਲਾਜ਼ਮੀ ਆਵਰਤੀ ਸਿਖਲਾਈ ਵਿੱਚੋਂ ਲੰਘਣਾ ਪੈਂਦਾ ਹੈ। ਇਸ ਵਿੱਚ ਹਰ 12 ਮਹੀਨਿਆਂ ਵਿੱਚ ਟ੍ਰਾਂਸਪੋਰਟ ਕੈਨੇਡਾ ਦੇ ਇੱਕ ਪ੍ਰਮਾਣਿਤ ਚੈੱਕ-ਪਾਇਲਟ ਦੇ ਨਾਲ ਉਡਾਣ ਦੀ ਜਾਂਚ ਵੀ ਸ਼ਾਮਲ ਹੈ। ਹਾਲਾਂਕਿ, ਉਚਿਤ ਲਾਇਸੈਂਸਿੰਗ ਹਵਾਬਾਜ਼ੀ ਉਦਯੋਗ ਦੀ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀ ਦਾ ਇੱਕ ਲਾਜ਼ਮੀ ਹਿੱਸਾ ਹੈ, ਇਸ ਲਈ ਏਅਰ ਕੈਨੇਡਾ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ।”
ਇਸ ਮਾਮਲੇ ਵਿੱਚ ਟ੍ਰਾਂਸਪੋਰਟ ਕੈਨੇਡਾ ਨੇ ਜੈਫਰੀ ਵਾਲ ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਇਸਦੇ ਨਾਲ ਹੀ ਹੁਣ ਉਹ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਦੋਸ਼ਾਂ ਵਿੱਚ 5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਦੋ ਮਾਮਲੇ ਅਤੇ ਨਕਲੀ ਮੋਹਰ ਰੱਖਣ ਦੇ ਤਿੰਨ ਮਾਮਲੇ ਸ਼ਾਮਲ ਹਨ। ਜੈਫਰੀ ਵਾਲ ਨੂੰ 29 ਜੂਨ, 2026 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
Air Canada Pilot Arrested For Flying Over 900 Flights With Fake License Over 17 Years