December 26, 2024
Punjab Speaks Team / Panjab
ਫਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਦੇਰ ਸ਼ਾਮ ਪੁੱਜੀ ਮਾਲ ਗੱਡੀ ਦਾ ਡੱਬਾ ਪਟੜੀ ਤੋਂ ਉਤਰ ਕੇ ਪਲਟ ਗਿਆ। ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਕਣਕ ਦੀ ਲੋਡਿੰਗ ਕਰਦਿਆਂ ਡੱਬਾ ਪਲਟਿਆ। ਚਸ਼ਮਦੀਦਾਂ ਅਨੁਸਾਰ, ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਕਣਕ ਦੀ ਸਪੈਸ਼ਲ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਪੈਸ਼ਲ ਦੌਰਾਨ ਲੇਬਰ ਆਪਣਾ ਕੰਮ ਕਰ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਤਿੰਨ ਵਿਅਕਤੀ ਜੋ ਮਾਲ ਦੀ ਲੋਡਿੰਗ ਕਰ ਰਹੇ ਸਨ, ਉਹ ਵਿਚ ਫਸ ਗਏ ਜਿਹਨਾਂ ਨੂੰ ਲੇਬਰ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਂਜ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਮੌਕੇ ’ਤੇ ਮੌਜੂਦ ਟਰੱਕ ਡਰਾਈਵਰ ਪੱਪੂ ਅਤੇ ਮਜ਼ਦੂਰਾਂ ਬਲਵਿੰਦਰ ਸਿੰਘ, ਅਸ਼ੋਕ ਸਿੰਘ ਆਦਿ ਨੇ ਦੱਸਿਆ ਕਿ ਪਲੇਟਫਾਰਮ ’ਤੇ ਮਾਲ ਗੱਡੀ ਖੜ੍ਹੀ ਸੀ। ਉਹ ਆਪਣਾ ਮਜ਼ਦੂਰੀ ਦਾ ਕੰਮ ਕਰਨ ਲਈ ਇੱਕ ਮਾਲ ਗੱਡੀ ਵਿੱਚ ਕਣਕ ਦੀਆਂ ਬੋਰੀਆਂ ਲੱਦ ਰਿਹਾ ਸੀ ਕਿ ਅਚਾਨਕ ਮਾਲ ਗੱਡੀ ਦਾ ਡੱਬਾ ਇੱਕ ਹੋਰ ਪਟੜੀ ’ਤੇ ਪਲਟ ਗਿਆ। ਕੰਪਾਰਟਮੈਂਟ ਪਲਟਣ ਤੋਂ ਬਾਅਦ ਡੱਬੇ ਵਿੱਚ ਮੌਜੂਦ ਕਰਮਚਾਰੀ ਡਰ ਗਏ। ਜਿਨ੍ਹਾਂ ਨੂੰ ਮੌਕੇ ’ਤੇ ਇਕੱਠੇ ਹੋਏ ਹੋਰ ਮਜ਼ਦੂਰਾਂ ਨੇ ਤੁਰੰਤ ਸੁਰੱਖਿਅਤ ਬਾਹਰ ਕੱਢਿਆ। ਪੁਲਿਸ ਅਧਿਕਾਰੀ ਪੀਐੱਸ ਤੋਮਰ ਨੇ ਦੱਸਿਆ ਕਿ ਹਾਦਸੇ ਬਾਰੇ ਪਤਾ ਲੱਗਦਿਆਂ ਹੀ ਉਹ ਮੌਕੇ ’ਤੇ ਪੁੱਜੇ ਜੋ ਆਪਣੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪਣਗੇ।
A Freight Coach Overturned At Fazilka Railway Station Four Workers Were Trapped Inside