October 9, 2024
Punjab Speaks Team / Ludhiana
ਲੁਧਿਆਣਾ, 09 ਅਕਤੂਬਰ (000) ਸਮਾਜ ਵਿੱਚੋਂ ਲੁੱਟਾਂ ਖੋਹਾਂ, ਚੋਰੀ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਵਾਸਤੇ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਕੈਸੋ (ਸਰਚ ਅਭਿਆਨ) ਮੁਹਿੰਮ ਤਹਿਤ ਬੁੱਧਵਾਰ ਨੂੰ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਸਪੈਸ਼ਲ ਡੀ.ਜੀ.ਪੀ, ਸੀ.ਏ.ਡੀ ਅਤੇ ਮਹਿਲਾ ਮਾਮਲੇ, ਪੰਜਾਬ ਦੀ ਅਗਵਾਈ ਵਿੱਚ ਲੁਧਿਆਣਾ ਦੇ ਸੰਵੇਦਨਸ਼ੀਲ ਇਲਾਕੇ ਜਿਨ੍ਹਾਂ ਵਿੱਚ ਬੱਸ ਅੱਡਾ, ਸੀ.ਆਰ.ਪੀ.ਐਫ ਕਲੋਨੀ ਦੁੱਗਰੀ, ਸੂਰਜ ਨਗਰ ਸ਼ਿਮਲਾਪੁਰੀ ਦੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਕਮਿਸ਼ਨਰੇਟ ਦੇ ਸੀਨੀਅਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਜਿਹੜਾ ਕੈਸੋ ਸਰਚ ਅਭਿਆਨ ਕਰ ਰਹੇ ਹਾਂ, ਉਸ ਦਾ ਮੰਤਵ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਵਧੇ ਅਤੇ ਲੋਕ ਜੁਰਮ ਪ੍ਰਤੀ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਦੀ ਮੌਜੂਦਗੀ ਨਹੀ ਹੁੰਦੀ ਅਤੇ ਇੱਥੇ ਪੁਲਿਸ ਦੀ ਮੌਜੂਦਗੀ ਦੇ ਨਾਲ ਜਿਹੜਾ ਮਾੜਾ ਅਨਸਰ ਹੈ, ਉਸ ਤੇ ਦਬਾਅ ਪਾਉਣ ਲਈ ਇਹ ਸਰਚ ਅਭਿਆਨ ਸਮੇਂ-ਸਮੇਂ ਤੇ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਇਹ ਸਰਚ ਅਭਿਆਨ ਲੁਧਿਆਣਾ ਦੇ ਸੰਵੇਦਨਸ਼ੀਲ ਇਲਾਕੇ ਜਿਨ੍ਹਾਂ ਵਿੱਚ ਬੱਸ ਅੱਡਾ, ਸੀ.ਆਰ.ਪੀ.ਐਫ ਕਲੋਨੀ ਦੁੱਗਰੀ, ਸੂਰਜ ਨਗਰ ਸ਼ਿਮਲਾਪੁਰੀ ਆਦਿ ਥਾਵਾਂ ਤੇ ਕੀਤਾ ਗਿਆ ਹੈ, ਤਾਂ ਕਿ ਇਸ ਦਾ ਜ਼ਿਆਦਾ ਪ੍ਰਭਾਵ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੀ ਸੀਮਾਵਾਂ ਹੁੰਦੀਆਂ ਹਨ।
ਸਪੈਸ਼ਲ ਡੀ.ਜੀ.ਪੀ ਨੇ ਅੱਗੇ ਕਿਹਾ ਕਿ ਇਸ ਤੋ ਇਲਾਵਾ ਪੰਚਾਇਤਚੋਣਾਂ ਅਤੇ ਤਿਓਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਲਈ ਵੀ ਪੁਲਿਸ ਪੂਰੀ ਤਰਾਂ ਨਾਲ ਮੁਸਤੈਦ ਹੈ। ਉਨ੍ਹਾਂ ਨੇ ਕਿਹਾ ਕਿ ਤਿਓਹਾਰਾਂ ਕਾਰਨ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਚੋਣਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਸਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ।
ਸਪੈਸ਼ਲ ਡੀ.ਜੀ.ਪੀ. ਦਿਓ ਨੇ ਕਿਹਾ ਕਿ ਸਮਾਜ ਵਿੱਚੋਂ ਲੁੱਟਾਂ ਖੋਹਾਂ, ਚੋਰੀ ਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਉਨ੍ਹਾਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜੇ ਵੀ ਵਕਤ ਹੈ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡ ਕੇ ਸਹੀ ਰਾਹ 'ਤੇ ਆ ਜਾਣ ਨਹੀਂ ਤਾਂ ਪੁਲਿਸ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਪੂਰੀ ਸਖਤੀ ਨਾਲ ਕਦਮ ਉਠਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਈ ਵਿਅਕਤੀਆਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੈ।
Punjab Police Checking At Bus Stand