October 14, 2024
Punjab Speaks Team / Punjab
ਚੰਡੀਗੜ੍ਹ, 14 ਅਕਤੂਬਰ, 2024:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਾਲ ਹਲਕਾ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਰਿਹਾ ਪਟਵਾਰੀ ਗੁਰਨਾਮ ਸਿੰਘ (ਹੁਣ ਸੇਵਾ ਮੁਕਤ) ਅਤੇ ਉਸ ਦੇ ਦੋ ਸਾਥੀਆਂ ਬੂਟਾ ਸਿੰਘ ਤੇ ਰਾਣਾ ਸਿੰਘ ਵਾਸੀ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵੱਲੋਂ ਮਿਲੀਭੁਗਤ ਕਰਕੇ ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 65000 ਰੁਪਏ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਪਟਵਾਰੀ ਗੁਰਨਾਮ ਸਿੰਘ ਅਤੇ ਉਸ ਦੇ ਸਹਾਇਕ ਰਾਣਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਇਹ ਕੇਸ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੂਲੇ ਦੇ ਵਾਸੀ ਸਰਬਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਬੂਟਾ ਸਿੰਘ ਅਤੇ ਰਾਣਾ ਸਿੰਘ ਨਾਮੀ ਦੋ ਵਿਅਕਤੀਆਂ ਨੇ ਉਸ ਦੀ ਮੁਲਾਕਾਤ ਪਟਵਾਰੀ ਗੁਰਨਾਮ ਸਿੰਘ ਨਾਲ ਕਰਵਾਈ ਸੀ, ਜਿਨ੍ਹਾਂ ਨੇ ਉਸ ਦੇ ਪਲਾਟ ਦੇ ਇੰਤਕਾਲ ਲਈ ਇਕ ਲੱਖ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਪਟਵਾਰੀ ਨੇ ਆਪਣੇ ਉਕਤ ਸਾਥੀਆਂ ਬੂਟਾ ਅਤੇ ਰਾਣਾ ਰਾਹੀਂ 15000 ਰੁਪਏ, 35000 ਰੁਪਏ ਅਤੇ 15000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕੁੱਲ 65000 ਰੁਪਏ ਰਿਸ਼ਵਤ ਵਜੋਂ ਲਏ। ਸ਼ਿਕਾਇਤਕਰਤਾ ਨੇ ਪਟਵਾਰੀ ਅਤੇ ਉਸ ਦੇ ਸਾਥੀਆਂ ਨਾਲ ਗੱਲਬਾਤ ਸਬੰਧੀ ਫੋਨ ਕਾਲਾਂ ਵੀ ਰਿਕਾਰਡ ਕੀਤੀਆਂ ਹੋਈਆਂ ਸਨ।
ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ਿਕਾਇਤ ਵਿੱਚ 65000 ਰੁਪਏ ਦੀ ਰਿਸ਼ਵਤ ਲੈਣ ਦੇ ਲਾਏ ਗਏ ਦੋਸ਼ ਸਾਬਤ ਹੋਏ। ਇਸ ਸਬੰਧੀ ਪਟਵਾਰੀ ਗੁਰਨਾਮ ਸਿੰਘ, ਉਸ ਦੇ ਸਾਥੀ ਬੂਟਾ ਸਿੰਘ ਅਤੇ ਰਾਣਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Vigilance Bureau Arrested Patwari And His Partner