October 22, 2024
Punjab Speaks Team / Punjab
ਲੁਧਿਆਣਾ, 22 ਅਕਤੂਬਰ:
ਦਾਨ ਉਤਸਵ-2024 ਮੰਗਲਵਾਰ ਨੂੰ ਇੰਡੋਰ ਸਟੇਡੀਅਮ ਪੱਖੋਵਾਲ ਰੋਡ ਵਿਖੇ ਦੋ-ਰੋਜ਼ਾ ਵੰਡ ਸਮਾਰੋਹ ਦੀ ਸਮਾਪਤੀ ਦੇ ਨਾਲ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ।
ਵੰਡ ਸਮਾਰੋਹ ਦੌਰਾਨ ਦਾਨ ਕੀਤੀਆਂ ਵਸਤੂਆਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਐਨ.ਜੀ.ਓਜ਼ ਵਿੱਚ ਵੰਡੀਆਂ ਗਈਆਂ ਅਤੇ ਇਹ ਐਨ.ਜੀ.ਓਜ਼ ਹੁਣ ਅੱਗੇ ਲੋੜਵੰਦ ਵਿਅਕਤੀਆਂ ਨੂੰ ਸਮੱਗਰੀ ਵੰਡਣਗੀਆਂ।
'ਦਾਨ ਉਤਸਵ' ਦੌਰਾਨ ਵਸਨੀਕਾਂ ਵੱਲੋਂ 1,00,000 ਤੋਂ ਵੱਧ ਕੱਪੜੇ, 5000 ਖਿਡੌਣੇ, 3000 ਜੋੜੇ ਜੁੱਤੀਆਂ, 2000 ਬਿਸਤਰੇ, 1500 ਬਰਤਨ, 3000 ਉਪਕਰਣ, ਕਰਿਆਨਾ, ਈ-ਵੇਸਟ ਆਦਿ ਦਾਨ ਕੀਤੇ ਗਏ ਹਨ।
ਦੂਜੇ ਦਿਨ ਵੰਡ ਸਮਾਰੋਹ ਵਿੱਚ ਸਕੱਤਰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਬਿਪਿਨ ਗੁਪਤਾ, ਨਹਿਰੂ ਸਿਧਾਂਤ ਕੇਂਦਰ ਟਰੱਸਟ ਦੇ ਉਪ-ਪ੍ਰਧਾਨ ਸੁਨੀਲ ਗੁਪਤਾ, ਨਗਰ ਨਿਗਮ ਪਟਿਆਲਾ ਦੇ ਸਹਾਇਕ ਕਮਿਸ਼ਨਰ ਸੁਨੀਲ ਮਹਿਤਾ, ਅਦਾਕਾਰਾ ਸੋਨੀਆ ਮਾਨ, ਆਪ ਆਗੂ ਐਡਵੋਕੇਟ ਪਰਮਵੀਰ ਸਿੰਘ ਪ੍ਰਿੰਸ, ਪੰਜਾਬ ਰਾਜ ਸਹਿਕਾਰੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਨਗਰ ਨਿਗਮ ਪਟਿਆਲਾ ਦੇ ਸੁਪਰਡੈਂਟ (ਸੇਵਾਮੁਕਤ) ਗੁਰਵਿੰਦਰ ਸਿੰਘ, ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ (ਡੀ.ਸੀ.ਪੀ.ਓ.) ਰਸ਼ਮੀ ਸੈਣੀ, ਅਗਿਆਪਾਲ ਸਿੰਘ ਸਮੇਤ ਹੋਰਨਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ 20 ਤੋਂ ਵੱਧ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਸਮੇਤ ਹੋਰ ਸ਼ਹਿਰ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।
ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਡਾਇਰੈਕਟਰ ਸਿਟੀ ਨੀਡਜ਼ ਮਨੀਤ ਦੀਵਾਨ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਸਿਟੀ ਨੀਡਜ਼ ਦੇ ਸਹਿਯੋਗ ਨਾਲ ਦਾਨ ਉਤਸਵ 2024 ਦਾ ਆਯੋਜਨ ਕੀਤਾ ਗਿਆ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ, ਚੰਡੀਗੜ੍ਹ, ਰੋਪੜ ਅਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਪੰਚਕੂਲਾ (ਹਰਿਆਣਾ) ਅਤੇ ਦਿੱਲੀ ਵਿੱਚ ਵੀ ਉਤਸਵ ਮਨਾਇਆ ਗਿਆ। ਐਕਟ ਹਿਊਮਨ, ਮਾਰਸ਼ਲ ਏਡ, ਫਿਕੋ, ਯੂ.ਸੀ.ਪੀ.ਐਮ.ਏ ਸਮੇਤ ਉਦਯੋਗਿਕ ਐਸੋਸੀਏਸ਼ਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਵੀ ਦਾਨ ਉਤਸਵ ਦਾ ਸਰਗਰਮੀ ਨਾਲ ਸਮਰਥਨ ਕੀਤਾ।
ਸੇਖੋਂ ਅਤੇ ਦੀਵਾਨ ਨੇ ਦੱਸਿਆ ਕਿ ਇਸ ਉਤਸਵ ਦਾ ਆਯੋਜਨ ਡਿਪਟੀ ਕਮਿਸ਼ਨਰ (ਡੀ.ਸੀ.) ਜਤਿੰਦਰ ਜੋਰਵਾਲ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਅਗਵਾਈ ਹੇਠ ਕੀਤਾ ਗਿਆ। ਇਹ ਉਤਸਵ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਆਰ.ਆਰ.ਆਰ ਅਰਥਾਤ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਅਤੇ ਮਿਸ਼ਨ ਲਾਈਫ ਨੂੰ ਉਤਸ਼ਾਹਿਤ ਕਰਦਾ ਹੈ। ਵੰਡ ਸਮਾਰੋਹ ਦੌਰਾਨ ਕੂੜਾ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲ (ਆਰ.ਆਰ.ਆਰ.) ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ 'ਗਰੀਨ ਉਤਸਵ' ਪ੍ਰਦਰਸ਼ਨੀ ਵੀ ਲਗਾਈ ਗਈ।
ਦਾਨ ਉਤਸਵ ਦੇ ਤਹਿਤ ਦਾਨ ਇਕੱਤਰ ਕਰਨ ਦੀ ਮੁਹਿੰਮ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਆਯੋਜਿਤ ਕੀਤੀ ਗਈ ਸੀ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਡਰਾਪਿੰਗ ਸੈਂਟਰ ਸਥਾਪਿਤ ਕੀਤੇ ਗਏ ਸਨ ਜਿੱਥੇ ਵਸਨੀਕ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ/ਨਵੀਂਆਂ ਵਸਤਾਂ ਦਾਨ ਕਰ ਸਕਦੇ ਸਨ।
ਸੇਖੋਂ ਅਤੇ ਦੀਵਾਨ ਨੇ ਅੱਗੇ ਦੱਸਿਆ ਕਿ ਦਾਨ ਕੀਤੀ ਸਮੱਗਰੀ ਹੁਣ ਵੱਖ-ਵੱਖ ਐਨ.ਜੀ.ਓਜ਼ ਰਾਹੀਂ ਲੋੜਵੰਦ ਵਿਅਕਤੀਆਂ ਵਿੱਚ ਵੰਡੀ ਜਾਵੇਗੀ। ਸੇਖੋਂ ਅਤੇ ਦੀਵਾਨ ਨੇ ਦਾਨ ਉਤਸਵ ਦੌਰਾਨ ਵੱਡੀ ਪੱਧਰ 'ਤੇ ਦਾਨ ਦੇਣ ਲਈ ਸ਼ਹਿਰ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਗਲੇ ਸਾਲ ਦਾਨ ਉਤਸਵ ਤਹਿਤ ਹੋਰ ਸ਼ਹਿਰਾਂ ਨੂੰ ਕਵਰ ਕਰਨ ਲਈ ਵੀ ਉਪਰਾਲੇ ਕਰਨਗੇ।
Daan Utsav 2024 At Indoor Stadium Ludhiana