December 6, 2024
Punjab Speaks Team / Punjab
ਡਾ. ਗੰਭੀਰ ਸਿੰਘ ਚੌਹਾਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਜੁਆਇੰਟ ਸਕੱਤਰ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ ‘ਮਾਈਂਡਸਕੈਪ ਏ ਕਲੈਕਸ਼ਨ ਆਫ਼ ਮਾਈ ਇਨਸਾਈਟਸ’ ਨੂੰ ਪੰਜਾਬ ਰਾਜ ਭਵਨ ਵਿਖੇ ਲੋਕ ਅਰਪਿਤ ਕੀਤਾ ਗਿਆ।ਡਾ. ਗੰਭੀਰ ਸਿੰਘ ਚੌਹਾਨ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਧਰਮ, ਪੰਜਾਬ, ਉਚੇਰੀ ਸਿੱਖਿਆ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜੇ ਹੋਏ ਲੇਖਾਂ ਉੱਪਰ ਅਧਾਰਿਤ ਇਹ ਪੁਸਤਕ ਡਾ. ਅਰਵਿੰਦਰ ਸਿੰਘ ਭੱਲਾ ਦੇ ਵੰਨਸੁਵੰਨੇ ਸਰੋਕਾਰਾਂ, ਸੰਵੇਦਨਸ਼ੀਲ ਸੋਚ, ਵਿਦਵਤਾ, ਸੁਹਿਰਦਤਾ, ਡੂੰਘੇ ਅਧਿਐਨ ਅਤੇ ਵਿਸ਼ਾਲ ਅਨੁਭਵਨੂੰ ਭਲੀਭਾਂਤ ਪੇਸ਼ ਕਰਦੀ ਹੈ।
ਉਹਨਾਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆ ਕਿਹਾ ਕਿ ਲੇਖਕ ਨੇ ਇਸ ਪੁਸਤਕ ਰਾਹੀਂ ਬੇਹੱਦ ਅਹਿਮ ਮੁੱਦਿਆਂ ਅਤੇਵੱਖ-ਵੱਖ ਵਿਸ਼ਿਆਂ ਬਾਰੇ ਪਾਠਕ ਵਰਗ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਸੋਚਣ ਅਤੇ ਵਿਚਾਰਨ ਲਈ ਨਿਸ਼ਚਿਤ ਤੌਰ ਉੱਪਰ ਪ੍ਰੇਰਿਤ ਕੀਤਾ ਹੈ। ਡਾ. ਗੰਭੀਰ ਸਿੰਘ ਚੌਹਾਨ ਨੇ ਇਸ ਗੱਲ ਦਾ ਵੀ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਹ ਪੁਸਤਕ ਸਿੱਖ ਗੁਰੂ ਸਾਹਿਬਾਨ ਦੀਆਂ ਵਿਸ਼ਵ ਵਿਆਪੀ ਸਿਖਿਆਵਾਂ ਨੂੰ ਸਮਝਣ ਦੇ ਨਾਲ-ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ, ਅਜੋਕੀ ਜੀਵਨ ਜਾਚ ਅਤੇ ਨੌਜਵਾਨ ਪੀੜ੍ਹੀ ਨੂੰ ਦਰਪੇਸ਼ ਸਮਸਿਆਵਾਂ ਤੇ ਚਣੌਤੀਆਂ ਬਾਰੇ ਨਿਵੇਕਲੇ ਪੱਖੋਂ ਸਮਝਣ ਵਿਚ ਸਹਾਈ ਹੋਵੇਗੀ। ਉਹਨਾਂ ਨੇ ਡਾ. ਅਰਵਿੰਦਰ ਸਿੰਘ ਭੱਲਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੀ ਲੇਖਣ ਸ਼ੈਲੀ ਬੇਹੱਦ ਦਿਲਚਸਪ ਤੇ ਰਚਨਾਤਮਕ ਹੋਣ ਦੇ ਨਾਲ-ਨਾਲ ਪਾਠਕਾਂ ਨੂੰ ਬੇਹੱਦ ਅਹਿਮ ਮੁਦਿਆਂ ਬਾਰੇ ਪਹਿਲਾਂ ਤੋਂ ਸਥਾਪਤ ਧਾਰਨਾਵਾਂ ਦੀ ਪੜਚੋਲ ਕਰਨ ਅਤੇ ਨਵੀਆਂ ਧਾਰਨਾਵਾਂ ਨੂੰ ਸਿਰਜਣ ਲਈ ਪ੍ਰੇਰਿਤ ਕਰਨ ਦੇ ਸਮਰੱਥ ਹੈ।
ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਇਸ ਪੁਸਤਕ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਿਲ ਵੀਹ ਲੇਖਾਂ ਦਾ ਬੁਨਿਆਦੀ ਮਕਸਦ ਇਹ ਹੈ ਕਿ ਇਹਨਾਂ ਲੇਖਾਂ ਰਾਹੀਂ ਪਾਠਕਾਂ ਨੂੰ ਸਿੱਖ ਗੁਰੂਆਂ ਦੇ ਇਲਾਹੀ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਹਨਾਂ ਨੂੰ ਪੰਜਾਬ, ਸਿੱਖ ਪੰਥ ਅਤੇ ਉਚੇਰੀ ਸਿੱਖਿਆ ਦੇ ਖੇਤਰ ਨਾਲ ਜੁੜੇ ਮਸਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਨੂੰ ਵੱਖ-ਵੱਖ ਵਿਸ਼ਿਆਂ ਬਾਰੇ ਕੇਵਲ ਸਤਹੀ ਪੱਧਰ ਉੱਪਰ ਕੋਈ ਰਾਇ ਕਾਇਮ ਕਰਨ ਦੀ ਬਜਾਏ ਵੱਖ-ਵੱਖ ਮੁੱਦਿਆਂ ਬਾਰੇ ਪੂਰੀ ਸੰਜੀਦਗੀ ਨਾਲ ਸੋਚਣ ਸਮਝਣ ਦੀ ਬੇਹੱਦ ਜ਼ਰੂਰਤ ਹੈ। ਉਹਨਾਂ ਨੇ ਇਸ ਗੱਲ ਦਾ ਇਥੇ ਵਿਸ਼ੇਸ਼ ਤੌਰ ਉੱਪਰਜ਼ਿਕਰ ਕੀਤਾ ਕਿਇਸ ਪੁਸਤਕ ਦਾ ਮੁੱਖਬੰਧ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਅਤੇ ਸਾਬਕਾ ਮੈਂਬਰ ਲੋਕ ਸਭਾ ਸ੍ਰੀ ਸੱਤਿਆ ਪਾਲ ਜੈਨ ਨੇ ਵਿਸ਼ੇਸ਼ ਤੌਰ ਉੱਪਰ ਲਿਖਿਆ ਹੈ। ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪੁਸਤਕ ਨੂੰ ਲਿਖਣ ਵਿਚ ਸਹਿਯੋਗ ਅਤੇ ਮਾਰਗ ਦਰਸ਼ਨ ਦੇਣ ਲਈ ਡਾ. ਸ. ਪ. ਸਿੰਘ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉੱਪਰ ਧੰਨਵਾਦ ਕੀਤਾ।
ਇਥੇ ਇਹ ਗੱਲ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ-ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਹੁਣ ਤੱਕ ਉਨ੍ਹਾਂ ਵੱਲੋਂ ਉਨੀਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ-ਨਾਲ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਪ੍ਰੋ: ਨਵਪ੍ਰੀਤ ਕੌਰ ਭੱਲਾ ਵੀ ਮੌਜੂਦ ਸਨ।
Dr Bhalla s New Book Is Released By The Joint Secretary Of UGC