January 9, 2025
Punjab Speaks Team / Punjab
ਚੰਡੀਗੜ੍ਹ, 9 ਜਨਵਰੀ, 2025:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਲੁਧਿਆਣਾ ਵਿਖੇ ਤਾਇਨਾਤ ਕਲਰਕ (ਫਰੰਟ ਡੈਸਕ ਐਗਜ਼ੀਕਿਊਟਿਵ) ਅਨਿਕਸ਼ਾ ਦੇਵੀ ਨੂੰ ਗੂਗਲ ਪੇਅ ਰਾਹੀਂ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਅਨਿਕਸ਼ਾ ਦੇਵੀ ਵਾਸੀ ਦਸ਼ਮੇਸ਼ ਨਗਰ, ਪਿੰਡ ਇਯਾਲੀ ਖੁਰਦ, ਲੁਧਿਆਣਾ ਨੂੰ ਅਭਿਜੀਤ ਸਿੰਘ ਵਰਮਾ ਵਾਸੀ ਨਿਊ ਦੀਪ ਨਗਰ, ਹੇਬੋਵਾਲ ਕਲਾਂ, ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਸ਼ਿਕਾਇਤ ਦੀ ਜਾਂਚ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤ ਦੇ ਅਨੁਸਾਰ ਡੀਲਿੰਗ ਕਲਰਕ ਅਨਿਕਸ਼ਾ ਦੇਵੀ ਨੇ ਸ਼ਿਕਾਇਤਕਰਤਾ ਨੂੰ ਪਲਾਟ ਦੀ ਵਿਕਰੀ ਲਈ ਲੋੜੀਂਦੀ ਐਨ.ਓ.ਸੀ. ਪ੍ਰਾਪਤ ਕਰਨ ਬਦਲੇ 4251 ਰੁਪਏ ਆਨਲਾਈਨ ਫੀਸ ਅਦਾ ਕਰਨ ਲਈ ਕਿਹਾ। ਇਸ ਤੋਂ ਇਲਾਵਾ, ਮਹਿਲਾ ਕਲਰਕ ਨੇ ਐਨ.ਓ.ਸੀ. ਜਾਰੀ ਕਰਨ ਬਦਲੇ ਗੂਗਲ ਪੇਅ ਰਾਹੀਂ 1500 ਰੁਪਏ ਰਿਸ਼ਵਤ ਦੀ ਮੰਗ ਵੀ ਕੀਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਤਸਦੀਕ ਦੌਰਾਨ, ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਮੌਖਿਕ ਅਤੇ ਦਸਤਾਵੇਜ਼ੀ ਸਬੂਤਾਂ ਦੀ ਜਾਂਚ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ। ਇਸ ਤੋਂ ਬਾਅਦ, ਮੁਲਜ਼ਮ ਕਲਰਕ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।
Vigilance Bureau Arrests GLada Clerk For Taking Rs 1500 Bribe