April 2, 2025

Daily Gianwan Bureau / Panjab
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਗਰ ਨਿਗਮ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਨਸ਼ੇ ਦੇ ਸਮੱਗਲਰ ਰਾਜਨ ਉਰਫ਼ ਨਾਜ਼ਰ ਵਾਸੀ ਬਾਬਾ ਬੁੱਢਾ ਜੀ ਨਗਰ ਦਕੋਹਾ ਵੱਲੋਂ ਉਸਾਰੀ ਗਈ ਗੈਰ ਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ। ਨਗਰ ਨਿਗਮ ਅਤੇ ਪੁਲਿਸ ਦੀਆਂ ਟੀਮਾਂ ਜਿਨਾਂ ਦੀ ਅਗਵਾਈ ਸਹਾਇਕ ਟਾਊਨ ਪਲੈਨਰ ਪੂਜਾ ਮਾਨ ਤੇ ਏ.ਸੀ.ਪੀ. ਸੈਂਟਰਲ ਨਿਰਮਲ ਸਿੰਘ ਵਲੋਂ ਕੀਤੀ ਗਈ, ਵਲੋਂ ਪੁਲਿਸ ਥਾਣਾ ਨੰਗਲ ਸ਼ਾਮਾ ਅਧੀਨ ਪੈਂਦੇ ਬਾਬਾ ਬੁੱਢਾ ਜੀ ਨਗਰ ਵਿਖੇ ਅਣ-ਅਧਿਕਾਰਤ ਉੁਸਾਰੀ ਨੂੰ ਢਾਹਿਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਰਾਜਨ ਉਰਫ਼ ਨਾਜ਼ਰ, ਵਾਸੀ ਬਾਬਾ ਬੁੱਢਾ ਜੀ ਨਗਰ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਸੀ ਅਤੇ ਇਸ ਖਿਲਾਫ਼ ਐਨਡੀਪੀਐਸ ਤੇ ਆਬਕਾਰੀ ਐਕਟ ਤਹਿਤ ਪੰਜ ਐਫਆਈਆਰ ਦਰਜ ਹੋ ਚੁੱਕੀਆਂ ਹਨ। ਏਸੀਪੀ ਨੇ ਅੱਗੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਜਲੰਧਰ ਨਗਰ ਨਿਗਮ ਪਾਸੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਨਸ਼ਿਆਂ ਦੇ ਧੰਦੇ ਵਿੱਚ ਸ਼ਾਮਿਲ ਨਸ਼ਾ ਸਮੱਗਰ ਵਲੋਂ ਇਕ ਗੈਰ-ਕਾਨੂੰਨੀ ਉਸਾਰੀ ਕੀਤੀ ਗਈ ਹੈ, ਜਿਸ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਅਥਾਰਟੀ ਵਲੋਂ ਪੁਲਿਸ ਬਲਾਂ ਦੀ ਹਾਜ਼ਰੀ ਵਿੱਚ ਇਸ ਨੂੰ ਢਾਹ ਦਿੱਤਾ ਗਿਆ। ਨਿਰਮਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਖਿਲਾਫ਼ ਜੀਰੋ ਟੋਲਰੈਂਸ ਨੀਤੀ ਨੂੰ ਅਪਣਾਉਂਦਿਆਂ ਕੀਤੀ ਗਈ ਹੈ ਅਤੇ ਅਜਿਹੇ ਸਖ਼ਤ ਕਦਮ ਨਸ਼ਾ ਤਸਕਰਾਂ ਖਿਲਾਫ਼ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
Another Illegal Construction Of Drug Smuggler Demolished In Jalandhar
