April 2, 2025

Punjab Speaks Team / Panjab
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਭਾਰਤੀ ਫੌਜ ਦੇ ਇੱਕ ਰਿਟਾਇਰਡ ਕਰਨਲ ਨਾਲ ਕਰੋੜਾਂ ਦੀ ਸਾਇਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਇਬਰ ਠੱਗਾਂ ਨੇ 82 ਸਾਲਾ ਸੇਵਾਮੁਕਤ ਭਾਰਤੀ ਫੌਜੀ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਤੋਂ 3.4 ਕਰੋੜ ਰੁਪਏ ਠੱਗ ਲਏ। ਠੱਗਾਂ ਨੇ ਖੁਦ ਨੂੰ ED ਦਾ ਕਰਮਚਾਰੀ ਦੱਸ ਕੇ ਉਨ੍ਹਾਂ 'ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ। ਫੌਜ ਵਿੱਚੋਂ ਸੇਵਾਮੁਕਤ ਕਰਨਲ ਤੇ ਉਸ ਦੀ ਪਤਨੀ ਨੂੰ 10 ਦਿਨ ਡਿਜੀਟਲ ਅਰੈਸਟ ਕਰਕੇ ਰੱਖਿਆ ਗਿਆ। ਪੀੜਤ ਜੋੜੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਕਰਨਲ ਦਿਲੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ 18 ਮਾਰਚ ਨੂੰ ਇਕ ਅਣਜਾਣ ਨੰਬਰ ਤੋਂ ਵਟਸਐੱਪ ਉੱਤੇ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਕਰਮਚਾਰੀ ਦੱਸਿਆ ਅਤੇ ਬੋਲਿਆ ਉਹ 5,038 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰ ਰਿਹਾ ਹੈ। ਫੋਨ ਕਰਨ ਵਾਲੇ ਨੇ ਕਰਨਲ ’ਤੇ ਮੁੰਬਈ ਦੇ ਕੇਨਰਾ ਬੈਂਕ ਦੇ ਇਕ ਖਾਤੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਕੇਸ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ, ਜਿਸ ਦੇ ਤਾਰ 5,038 ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜਦੇ ਹਨ। ਇਸ ਦੌਰਾਨ ਉਕਤ ਵਿਅਕਤੀ ਨੇ ਕਰਨਲ ਤੇ ਉਸ ਦੀ ਪਤਨੀ ਨੂੰ ਆਪਣੇ ਘਰ ਵਿੱਚ ਕੈਦ ਰਹਿਣ ਤੇ ਹਰ ਸਮੇਂ ਆਪਣੇ ਫੋਨ ਚਾਲੂ ਰੱਖਣ ਦੀ ਹਦਾਇਤ ਕੀਤੀ।
Retired Colonel Digitally Arrested In Chandigarh Duped Of Rs 3 4 Crore
