April 3, 2025

Punjab Speaks Team / Panjab
ਗੁਜਰਾਤ ਦੇ ਜਾਮਨਗਰ ਵਿਚ ਭਾਰਤੀ ਹਵਾਈ ਫੌਜ ਦਾ ਫਾਈਟਰ ਜੈੱਟ ਜਗੁਆਰ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਇਕ ਪਾਇਲਟ ਦੀ ਮੌਤ ਹੋ ਗਈ। ਦੂਜੇ ਪਾਇਲਟ ਨੂੰ ਬਚਾ ਲਿਆ ਗਿਆ ਹੈ। ਜਾਮਨਗਰ ਦੇ ਐਸਪੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।ਜਾਮਨਗਰ ਦੇ ਐਸਪੀ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਜਹਾਜ਼ ਵਿਚ ਦੋ ਪਾਇਲਟ ਸਨ। ਜਦੋਂ ਹਾਦਸਾ ਹੋਇਆ, ਇਕ ਪਾਇਲਟ ਜਹਾਜ਼ ਤੋਂ ਬਾਹਰ ਨਿਕਲ ਗਿਆ ਸੀ, ਜਦਕਿ ਦੂਜੇ ਪਾਇਲਟ ਦੀ ਮੌਤ ਹੋ ਗਈ। ਜ਼ਖਮੀ ਪਾਇਲਟ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਭਾਰਤੀ ਹਵਾਈ ਫੌਜ (IAF) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਬਿਆਨ ਜਾਰੀ ਕੀਤਾ ਹੈ। IAF ਨੇ ਲਿਖਿਆ, "ਪਾਇਲਟਾਂ ਨੂੰ ਜਹਾਜ਼ ਵਿਚ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਨੂੰ ਆਬਾਦ ਖੇਤਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
"ਪਾਇਲਟ ਦੀ ਮੌਤ ਦੀ ਖਬਰ ਸਾਂਝੀ ਕਰਦਿਆਂ ਭਾਰਤੀ ਹਵਾਈ ਫੌਜ ਨੇ ਲਿਖਿਆ, "IAF ਨੂੰ ਪਾਇਲਟ ਦੀ ਮੌਤ ਦਾ ਗਹਿਰਾ ਦੁੱਖ ਹੈ ਅਤੇ ਉਹ ਸੋਗ ਸਮੇਂ ਪਰਿਵਾਰ ਦੇ ਨਾਲ ਖੜੀ ਹੈ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕਵਾਇਰੀ ਦਾ ਆਦੇਸ਼ ਦਿੱਤਾ ਗਿਆ ਹੈ।" ਇਹ ਘਟਨਾ ਜਾਮਨਗਰ ਸ਼ਹਿਰ ਤੋਂ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਦੇ ਨੇੜੇ ਵਾਪਰੀ। ਇਸ ਘਟਨਾ ਨਾਲ ਜੁੜਿਆ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਕਿਸੇ ਖੇਤ ਵਿਚ ਅੱਗ ਲੱਗ ਗਈ ਹੈ। ਦੁਰਘਟਨਾਗ੍ਰਸਤ ਫਾਈਟਰ ਜੈੱਟ ਦਾ ਕਾਕਪਿਟ ਅਤੇ ਇਸ ਦਾ ਪਿੱਛਲਾ ਹਿੱਸਾ ਵੱਖ-ਵੱਖ ਥਾਵਾਂ 'ਤੇ ਪਿਆ ਹੋਇਆ ਹੈ ਅਤੇ ਦੋਹਾਂ ਵਿਚ ਅੱਗ ਲੱਗੀ ਹੋਈ ਹੈ।
Air Force Jaguar Fighter Jet Crashes In Jamnagar Pilot Dies
