April 14, 2025

Punjab Speaks Team / Panjab
ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ ਹੈ। ਹੁਣ ਜਲੰਧਰ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦਿਹਾਤੀ ਦੇ ਨਕੋਦਰ ਸ਼ਹਿਰ ਦੇ ਪਿੰਡ ਕੰਗ ਸਾਹਬੂ ਵਿੱਚ ਆਪਣੇ ਖੇਤਾਂ ਨੂੰ ਲਾਉਣ ਗਏ 48 ਸਾਲਾ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਹਮੀਰੀ ਖੇੜਾ ਦੇ ਰਹਿਣ ਵਾਲੇ ਜਗਤਾਰ ਰਾਮ ਵਜੋਂ ਹੋਈ ਹੈ। ਇਸ ਬਾਰੇ ਡੀਐਸਪੀ ਨਕੋਦਰ ਸੁਖਪਾਲ ਸਿੰਘ ਤੇ ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਜਗਤਾਰ ਰਾਮ ਸ਼ੁੱਕਰਵਾਰ ਸਵੇਰੇ ਪਿੰਡ ਕੰਗ ਸਾਹਬੂ ਵਿੱਚ ਮੱਕੀ ਦੀ ਫ਼ਸਲ ਨੂੰ ਪਾਣੀ ਲਾ ਰਿਹਾ ਸੀ। ਉਸੇ ਵੇਲੇ ਨੇੜੇ ਦੇ ਹੱਡਾ ਰੋਡੀ ਤੋਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਜਗਤਾਰ ਦੀ ਮੌਤ ਦਾ ਪਤਾ ਸ਼ਨੀਵਾਰ ਨੂੰ ਲੱਗਾ।
ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਜਗਤਾਰ ਰਾਮ ਚਾਰ ਸਾਲਾਂ ਤੋਂ ਮੀਰਾਪੁਰ ਪਿੰਡ ਦੇ ਇੱਕ ਕਿਸਾਨ ਨਾਲ ਕੰਮ ਕਰਦਾ ਸੀ ਤੇ ਉਸ ਦੀ ਖੇਤੀ ਦੀ ਦੇਖਭਾਲ ਕਰ ਰਿਹਾ ਸੀ। ਕਿਸਾਨ ਉਸ ਦੇ ਪਤੀ ਨੂੰ ਕਾਂਗ ਸਾਹਬੂ ਪਿੰਡ ਵਿੱਚ ਠੇਕੇ ਉਪਰ ਲਈ ਜ਼ਮੀਨ 'ਤੇ ਉਗਾਏ ਮੱਕੀ ਦੀ ਫਸਲ ਨੂੰ ਪਾਣੀ ਲਾਉਣ ਲਈ ਲੈ ਕੇ ਗਿਆ ਸੀ। ਪਤਨੀ ਨੇ ਕਿਹਾ ਕਿ ਨੇੜਲੇ ਹੱਡਾ ਰੋਡੀ ਤੋਂ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਸਿਵਲ ਹਸਪਤਾਲ ਭੇਜ ਦਿੱਤਾ ਹੈ।
Stray Dogs Mauled A Man Who Went To Water The Fields In Jalandhar
