April 15, 2025

Punjab Speaks Team / Panjab
ਨੇੜਲੇ ਪਿੰਡ ਬੂਟਾ ਸਿੰਘ ਵਾਲਾ ਦੀ ਗ੍ਰਾਮ ਸਭਾ ਦਾ ਇਕ ਵਿਸ਼ੇਸ਼ ਇਜਲਾਸ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹੋਇਆ ਜਿਸ ਵਿਚ ਪਿੰਡ ਵਾਸੀਆ ਨੇ ਸਰਬਸੰਮਤੀ ਨਾਲ ਪਿੰਡ ਦੀ ਆਬਾਦੀ 'ਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਮਤਾ ਪਾਸ ਕੀਤਾ। ਪਿੰਡ ਦੀ ਪੰਚਾਇਤ ਵੱਲੋਂ ਸੱਦੇ ਗਏ ਇਜਲਾਸ ਨੂੰ ਸਬੋਧਨ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਲੋਕ ਕਿਰਾਏ ਤੇ ਲਾਲਚ ਵੱਸ ਹੋ ਕੇ ਪਿੰਡ ਦੀ ਆਬਾਦੀ 'ਚ ਪਰਵਾਸੀ ਮਜ਼ਦੂਰਾਂ ਨੂੰ ਰੱਖ ਰਹੇ ਹਨ ਜੋ ਕਿ ਪਿੰਡ ਦੀਆਂ ਧੀਆਂ-ਭੈਣਾਂ ਅਤੇ ਔਰਤਾਂ ਲਈ ਠੀਕ ਨਹੀਂ ਹੈ। ਉਹਨਾਂ ਦੱਸਿਆ ਕਿ ਕਿਰਾਏ ਤੇ ਰੱਖੇ ਗਏ ਪ੍ਰਵਾਸੀ ਮਜ਼ਦੂਰਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਾ ਹੋਣ ਕਰਕੇ ਉਹ ਕਦੇ ਵੀ ਕਿਸੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਉਨਾਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਿਰਾਏ 'ਤੇ ਰੱਖੇ ਗਏ ਪਰਵਾਸੀ ਮਜ਼ਦੂਰ ਰਹਿੰਦੇ ਤਾਂ ਪਿੰਡ ਵਿਚ ਹਨ ਤੇ ਉਹ ਕੰਮ-ਧੰਦਾ ਦੂਜੇ ਸ਼ਹਿਰਾਂ 'ਚ ਜਾ ਕੇ ਕਰਦੇ ਹਨ ਜੋ ਕਿ ਪਿੰਡ ਲਈ ਸੁਰੱਖਿਅਤ ਨਹੀਂ।
ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਮਤੇ 'ਚ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਪਰਵਾਸੀ ਰਾਤ ਨੂੰ 10 ਵਜੇ ਤੋਂ ਬਾਅਦ ਪਿੰਡ ਦੀਆਂ ਗਲ਼ੀਆਂ 'ਚ ਘੁੰਮਦਾ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਫ਼ੈਸਲੇ ਅਨੁਸਾਰ ਪਿੰਡ ਵਾਸੀਆਂ ਨੂੰ 30 ਅਪ੍ਰੈਲ ਤਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਪਿੰਡ ਦੀ ਆਬਾਦੀ ਵਿਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਬਾਹਰ ਕੱਢਣ ਜੇਕਰ ਕੋਈ ਵਿਅਕਤੀ ਗ੍ਰਾਮ ਸਭਾ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਮੰਨਣ ਤੋਂ ਮੁਨਕਰ ਹੁੰਦਾ ਹੈ ਤਾਂ ਉਹ ਵਿਅਕਤੀ ਵਾਪਰੀ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਹੋਵੇਗਾ ਤੇ ਗ੍ਰਾਮ ਸਭਾ ਉਸ ਦੇ ਖ਼ਿਲਾਫ਼ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਖੇਤਾਂ ਵਿਚ ਰੱਖਣ 'ਤੇ ਕੋਈ ਪਾਬੰਦੀ ਨਹੀਂ ਹੈ। ਗ੍ਰਾਮ ਸਭਾ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਮਤੇ ਨੂੰ ਪ੍ਰਸ਼ਾਸਨ ਹਿਤ ਭੇਜਿਆ ਜਾਵੇਗਾ। ਇਸ ਮੌਕੇ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ ਬੋਵਾ,ਗਗਨਦੀਪ ਸਿੰਘ ਪੰਚ, ਇਕਬਾਲ ਸਿੰਘ ਪੰਚ, ਗੁਰਚਰਨ ਸਿੰਘ, ਮਿਲਖਾ ਸਿੰਘ, ਹਰਜਿੰਦਰ ਸਿੰਘ, ਮੰਗਲ ਸਿੰਘ, ਗੁਰਨਾਮ ਸਿੰਘ, ਰਸ਼ਪਾਲ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਪਿੰਡ ਦੇ 600 ਦੇ ਕਰੀਬ ਵਸਨੀਕ ਹਾਜ਼ਰ ਸਨ।
Resolution Passed To Evict Migrant Workers From This Village In Punjab Warning Of Action Against Those Who Do Not Comply With The Decision
