May 7, 2026
Punjab Speaks Team / Punjab
ਮੁਹਾਲੀ 07 ਮਈ 2026 :ਦੇਸ਼ ਦੇ ਕ੍ਰਿਕਟ ਨਕਸ਼ੇ ਉੱਪਰ ਛਾਪ ਛੱਡ ਰਹੇ ਪੰਜਾਬ ਸੂਬੇ ਨੂੰ ਆਈਪੀਐਲ 2026 ਦੇ ਪਲੇਆਫ ਦੇ ਦੋ ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਮਿਲੀ ਹੈ।ਇਹ ਵੱਕਾਰੀ ਮੁਕਾਬਲੇ ਐਲੀਮੀਨੇਟਰ ਅਤੇ ਕੁਆਲੀਫਾਇਰ-2 ਮੁਕਾਬਲੇ ਪੀਸੀਏ ਕ੍ਰਿਕਟ ਸਟੇਡੀਅਮ ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਕ੍ਰਮਵਾਰ 27 ਅਤੇ 29 ਮਈ ਨੂੰ ਖੇਡੇ ਜਾਣਗੇ।
ਇਹ ਜਾਣਕਾਰੀ ਪੀਸੀਏ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। 27 ਮਈ ਨੂੰ ਹੋਣ ਵਾਲਾ ਮੁਕਾਬਲਾ ਲੀਗ ਦੌਰ ਦੀ ਤੀਜੇ ਅਤੇ ਚੌਥੇ ਸਥਾਨ ਵਾਲੀਆਂ ਟੀਮਾਂ ਵਿਚਕਾਰ ਹੋਵੇਗਾ, ਜਦਕਿ 29 ਮਈ ਨੂੰ ਖੇਡਿਆ ਜਾਣ ਵਾਲਾ ਕੁਆਲੀਫਾਇਰ-2 ਐਲੀਮੀਨੇਟਰ ਦੇ ਜੇਤੂ ਅਤੇ ਕੁਆਲੀਫਾਇਰ-1 ਵਿੱਚ ਹਾਰਨ ਵਾਲੀ ਟੀਮ ਦਰਮਿਆਨ ਹੋਵੇਗਾ।
ਮੀਤ ਹੇਅਰ ਨੇ ਦੱਸਿਆ ਕਿ ਪੀਸੀਏ ਨੇ ਚੱਲ ਰਹੇ ਆਈਪੀਐਲ 2026 ਸੀਜ਼ਨ ਦੇ ਚਾਰ ਲੀਗ ਮੈਚਾਂ ਦੀ ਸਫਲ ਮੇਜ਼ਬਾਨੀ ਕਰਕੇ ਇੱਕ ਵਾਰ ਫਿਰ ਦੇਸ਼ ਦੇ ਪ੍ਰਮੁੱਖ ਕ੍ਰਿਕਟ ਸਟੇਡੀਅਮ ਵਜੋਂ ਆਪਣੀ ਪਛਾਣ ਮਜ਼ਬੂਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਇਹ ਮੁਕਾਬਲੇ ਅਹਿਮੀਅਤ ਪੱਖੋਂ ਸੈਮੀਫਾਈਨਲ ਦੇ ਬਰਾਬਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਜੋ ਘਰੇਲੂ ਦਰਸ਼ਕਾਂ ਲਈ ਸੋਨੇ ਉੱਤੇ ਸੁਹਾਗੇ ਦੀ ਗੱਲ ਹੈ।ਮੀਤ ਹੇਅਰ ਨੇ ਕਿਹਾ ਕਿ ਅਧਿਕਾਰੀਆਂ, ਗਰਾਊਂਡ ਸਟਾਫ, ਸੁਰੱਖਿਆ ਏਜੰਸੀਆਂ, ਵਲੰਟੀਅਰਾਂ ਅਤੇ ਕ੍ਰਿਕਟ ਪ੍ਰੇਮੀਆਂ ਸਮੇਤ ਸਾਰੀਆਂ ਸਬੰਧਤ ਧਿਰਾਂ ਦੇ ਸਾਂਝੇ ਯਤਨਾਂ ਨਾਲ ਮੈਚਾਂ ਦੀ ਵਧੀਆ ਮੇਜਬਾਨੀ ਸੰਭਵ ਹੋਈ ਹੈ, ਜਿਸ ਕਾਰਨ ਗਵਰਨਿੰਗ ਕੌਂਸਲ ਨੇ ਹੁਣ ਪੰਜਾਬ ਨੂੰ ਇਹ ਮਹੱਤਵਪੂਰਨ ਮੈਚ ਸੌਂਪੇ ਹਨ।
ਉਨ੍ਹਾਂ ਹੋਰ ਕਿਹਾ ਕਿ ਇਹ ਸਫਲਤਾ ਪੀਸੀਏ ਦੀ ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਵਿਸ਼ਵ-ਪੱਧਰੀ ਕ੍ਰਿਕਟ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਦਰਸ਼ਕਾਂ ਦੀ ਹਿੱਸੇਦਾਰੀ ਅਤੇ ਵੱਖ-ਵੱਖ ਏਜੰਸੀਆਂ ਵਿਚਕਾਰ ਸੁਚੱਜੀ ਤਾਲਮੇਲ ਨੇ ਇਸ ਕਾਮਯਾਬੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਲੀਗ ਮੈਚਾਂ ਦੀ ਸਫਲਤਾ ਨਾਲ ਉਤਸ਼ਾਹਿਤ ਪੀਸੀਏ ਹੁਣ 27 ਨੂੰ ਐਲੀਮੀਨੇਟਰ ਅਤੇ 29 ਮਈ ਨੂੰ ਕੁਆਲੀਫਾਇਰ-2 ਵਰਗੇ ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਦੀ ਖਾਸ ਦਿਲਚਸਪੀ ਦਾ ਕੇਂਦਰ ਬਣਣਗੇ
New Chandigarh Meets PL 2026 Playoffs At Two Major Levels Meet Hair s Part