May 29, 2026
Punjab Speaks Team / Punjab
ਬਠਿੰਡਾ, 29 ਮਈ
ਅੰਨਦਾਤਾ ਤੋਂ ਊਰਜਾਦਾਤਾ ਸਕੀਮ ਤਹਿਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ ਵਿਖੇ ਸਮਰੱਥਾ ਨਿਰਮਾਣ ਅਤੇ ਕਿਸਾਨ ਜਾਗਰੂਕਤਾ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ।
ਇਹ ਪਾਇਲਟ ਪਹਿਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਸਮਾਗਮ ਦਾ ਆਯੋਜਨ ਦ ਨੇਚਰ ਕਨਜ਼ਰਵੇਂਸੀ ਵੱਲੋਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਅਤੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ।
ਵਰਕਸ਼ਾਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਇਸ ਪਾਇਲਟ ਪਹਿਲ ਦੇ ਉਦੇਸ਼ਾਂ ਅਤੇ ਨਵਿਆਉਣਯੋਗ ਊਰਜਾ, ਖ਼ਾਸ ਕਰਕੇ ਸੂਰਜੀ ਊਰਜਾ, ਨੂੰ ਅਪਣਾਉਣ ਨਾਲ ਪਾਣੀ ਸੰਭਾਲ ਅਤੇ ਮਿੱਟੀ ਦੀ ਸਿਹਤ ਪ੍ਰਬੰਧਨ ਵਿੱਚ ਮਿਲਣ ਵਾਲੇ ਲੰਬੇ ਸਮੇਂ ਦੇ ਲਾਭ ਬਾਰੇ ਜਾਣੂ ਕਰਵਾਉਣਾ ਸੀ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਟਿਕਾਊ ਜਲ ਉਪਯੋਗ ਤਕਨੀਕਾਂ ਅਤੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਸਬੰਧੀ ਸੈਸ਼ਨ ਕਰਵਾਏ ਗਏ ਤਾਂ ਜੋ ਲੰਬੇ ਸਮੇਂ ਲਈ ਖੇਤੀ ਚੋਂ ਚੰਗਾ ਮੁਨਾਫਾ ਯਕੀਨੀ ਬਣਾਈ ਜਾ ਸਕੇ।
ਵਰਕਸ਼ਾਪ ਵਿੱਚ 400 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਕਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਮੌਸਮ-ਅਨੁਕੂਲ ਅਤੇ ਟਿਕਾਊ ਖੇਤੀ ਪ੍ਰਥਾਵਾਂ ‘ਤੇ ਅਧਾਰਤ ਇਸ ਪਹਿਲ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਦ ਨੇਚਰ ਕਨਜ਼ਰਵੇਂਸੀ ਵੱਲੋਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਅਤੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਆਦਿ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਸਰਕਾਰੀ ਸਕੀਮ ਦੇ ਲਾਭਾਂ ਅਤੇ ਇਸ ਦੀ ਕਾਰਗੁਜ਼ਾਰੀ ਬਾਰੇ ਸਿੱਧੀ ਗੱਲਬਾਤ ਕੀਤੀ।
Capacity Building And Farmer Awareness Workshop Held In Bathinda Under Annadata To Urjadata Scheme