June 9, 2026
Punjab Speaks Team / Punjab
ਚੰਡੀਗੜ੍ਹ, 09 ਜੂਨ 2026 : ਪੰਜਾਬ ‘ਚ ਪਏ ਮੀਂਹ ਤੋਂ ਬਾਅਦ ਸੂਬੇ ਦਾ ਤਾਪਮਾਨ ਮੁੜ ਵਧਣ ਲੱਗ ਗਿਆ ਹੈ। ਮੌਸਮ ਵੱਲੋਂ ਅੱਜ ਮੰਗਲਵਾਰ 9 ਜੂਨ ਨੂੰ ਪੰਜਾਬ ਦੇ 8 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਮੌਸਮ ਖੁਸ਼ਕ ਰਹੇਗਾ। ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਇਸ ਸਬੰਧ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੀਟਵੇਵ ਦੀਆਂ ਸਥਿਤੀਆਂ ਰਹਿਣਗੀਆਂ: ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ। ਪਠਾਨਕੋਟ ਵਿੱਚ 44 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਸਥਿਤੀ 10 ਜੂਨ ਨੂੰ ਵੀ ਬਣੀ ਰਹੇਗੀ। ਹਾਲਾਂਕਿ, 11 ਜੂਨ ਨੂੰ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ, 11, 13 ਅਤੇ 14 ਜੂਨ ਨੂੰ ਕਈ ਇਲਾਕਿਆਂ ਵਿੱਚ ਮੀਂਹ, ਗਰਜ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਸੂਬੇ ਦੇ ਕੁਝ ਹਿੱਸਿਆਂ ਵਿੱਚ 11 ਜੂਨ ਤੱਕ ਹੀਟਵੇਵ ਦੀ ਸਥਿਤੀ ਬਣੀ ਰਹਿ ਸਕਦੀ ਹੈ। 12 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੋਵਾਂ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਤੂਫ਼ਾਨ ਦੇ ਨਾਲ-ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਦੱਸ ਦਈਏ ਕਿ ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਦੇਸ਼ ਦੇ ਕਈ ਨਵੇਂ ਇਲਾਕਿਆਂ ਵਿੱਚ ਪਹੁੰਚ ਗਿਆ ਹੈ। ਮਾਨਸੂਨ ਦੇ 30 ਜੂਨ ਦੇ ਆਸਪਾਸ ਪੰਜਾਬ ਵਿੱਚ ਦਾਖਲ ਹੋਣ ਦੀ ਉਮੀਦ ਹੈ। ਮਾਨਸੂਨ ਦੇ ਪੰਜਾਬ ਦੇ ਲੁਧਿਆਣਾ, ਜਲੰਧਰ ‘ਚ 5 ਜੁਲਾਈ ਦੇ ਆਸ-ਪਾਸ ਪਹੁੰਚਣ ਦੀ ਉਮੀਦ ਹੈ। ਉੱਥੇ ਹੀ ਉੱਤਰੀ ਪੰਜਾਬ (ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਆਦਿ) ਦੇ 8 ਜੁਲਾਈ ਦੇ ਆਸ-ਪਾਸ ਪਹੁੰਚਣ ਦੀ ਉਮੀਦ ਹੈ।
Heatwave Hits Punjab Again Meteorological Department Issues Heatwave Alert