April 24, 2026
Punjab Speaks Team / Punjab
ਨਵੀਂ ਦਿੱਲੀ 24 ਅਪ੍ਰੈਲ 2026 :ਮੁੰਬਈ ਇੰਡੀਅਨਜ਼ ਦੀ ਆਈਪੀਐਲ 2026 ਵਿੱਚ ਲਗਾਤਾਰ ਪੰਜਵੀਂ ਹਾਰ ਲਈ ਕਪਤਾਨ ਹਾਰਦਿਕ ਪੰਡਿਆ ਨੇ ਆਪਣੇ ਬੱਲੇਬਾਜ਼ਾਂ ਦੀ ਰੱਜ ਕੇ ਖਿਚਾਈ ਕੀਤੀ ਹੈ। ਪੰਡਿਆ ਨੇ ਕਿਹਾ ਕਿ ਪਾਵਰਪਲੇ ਵਿੱਚ ਜਲਦੀ ਵਿਕਟਾਂ ਗਵਾਉਣ ਤੋਂ ਬਾਅਦ ਅਸੀਂ ਮੁਕਾਬਲਾ ਨਹੀਂ ਕਰ ਸਕੇ।
ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੂੰ ਵੀਰਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਹੱਥੋਂ ਆਈਪੀਐਲ 2026 ਦੇ 33ਵੇਂ ਮੈਚ ਵਿੱਚ 103 ਦੌੜਾਂ ਦੀ ਕਰਾਰੀ ਹਾਰ ਝੱਲਣੀ ਪਈ। ਚੇਨਈ ਦੀ ਮੁੰਬਈ ਉੱਤੇ ਦੌੜਾਂ ਦੇ ਅੰਤਰ ਨਾਲ ਆਈਪੀਐਲ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਰਹੀ।
ਵਾਨਖੇੜੇ ਸਟੇਡੀਅਮ ‘ਤੇ ਖੇਡੇ ਗਏ ਮੁਕਾਬਲੇ ਵਿੱਚ CSK ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਸੰਜੂ ਸੈਮਸਨ (101)* ਦੇ ਸੈਂਕੜੇ ਦੇ ਦਮ ‘ਤੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 207 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ 19 ਓਵਰਾਂ ਵਿੱਚ ਮਹਿਜ਼ 104 ਦੌੜਾਂ ‘ਤੇ ਹੀ ਢੇਰ ਹੋ ਗਈ। ਸੰਜੂ ਨੂੰ ਉਨ੍ਹਾਂ ਦੇ ਸ਼ਾਨਦਾਰ ਸੈਂਕੜੇ ਲਈ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ।
ਹਾਰਦਿਕ ਪੰਡਿਆ ਨੇ ਕੀ ਕਿਹਾ
ਮੁੰਬਈ ਦੀ ਮੌਜੂਦਾ ਆਈਪੀਐਲ ਵਿੱਚ ਇਹ ਲਗਾਤਾਰ ਪੰਜਵੀਂ ਹਾਰ ਸੀ। ਇਸ ਤੋਂ ਖਿਝੇ ਹੋਏ ਹਾਰਦਿਕ ਪੰਡਿਆ ਨੇ ਮੈਚ ਤੋਂ ਬਾਅਦ ਕਿਹਾ, ‘ਪਾਵਰਪਲੇਅ ਵਿੱਚ ਜਲਦੀ ਵਿਕਟਾਂ ਗੁਆ ਦੇਣ ਨਾਲ ਮੁਕਾਬਲਾ ਹਮੇਸ਼ਾ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਇਸ ਤੋਂ ਬਾਅਦ ਸੰਭਲ ਨਹੀਂ ਸਕੇ। ਸਾਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਸੀ।’
ਪੰਡਿਆ ਨੇ ਅੱਗੇ ਕਿਹਾ, ‘CSK ਦੇ ਬੱਲੇਬਾਜ਼ਾਂ ਨੇ ਵੀ ਇਸੇ ਪਿੱਚ ‘ਤੇ ਬੱਲੇਬਾਜ਼ੀ ਕੀਤੀ। ਸੰਜੂ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਉਨ੍ਹਾਂ ਦੇ ਬਾਕੀ ਬੱਲੇਬਾਜ਼ਾਂ ਨੇ ਵੀ ਅਹਿਮ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਨ ਲਈ ਸਾਡੇ ਵਾਸਤੇ ਇਹ ਜ਼ਰੂਰੀ ਸੀ ਕਿ ਪਾਵਰਪਲੇਅ ਵਧੀਆ ਰਹੇ ਅਤੇ ਲੈਅ ਬਣੀ ਰਹੇ, ਪਰ ਉਹ ਕੰਮ ਨਹੀਂ ਕਰ ਸਕਿਆ। ਅਸੀਂ ਟੀਮ ਵਿੱਚ ਬਦਲਾਅ ਬਾਰੇ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਅੱਗੇ ਕੀ ਹੁੰਦਾ ਹੈ।’
ਪੁਆਇੰਟਸ ਟੇਬਲ ਦਾ ਹਾਲ
ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਨੂੰ ਵੱਡੇ ਅੰਤਰ ਨਾਲ ਹਰਾ ਕੇ ਮੌਜੂਦਾ ਆਈਪੀਐਲ ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। CSK ਹੁਣ 7 ਮੈਚਾਂ ਵਿੱਚ ਤਿੰਨ ਜਿੱਤਾਂ ਦੇ ਨਾਲ ਪੁਆਇੰਟਸ ਟੇਬਲ ਵਿੱਚ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ, ਮੁੰਬਈ ਨੂੰ ਲਗਾਤਾਰ ਪੰਜਵੀਂ ਹਾਰ ਦਾ ਖਮਿਆਜ਼ਾ ਭੁਗਤਣਾ ਪਿਆ ਹੈ ਅਤੇ ਉਹ ਅੱਠਵੇਂ ਸਥਾਨ ‘ਤੇ ਖਿਸਕ ਗਈ ਹੈ।
MI Captain Hardik Pandya Suffered His Biggest Defeat Against CSK Batsmen Showed Class