July 10, 2026
Punjab Speaks Team / Punjab
ਮੁਹਾਲੀ 10 ਜੁਲਾਈ 2026 :ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ-2026) ਤਹਿਤ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ‘ਤੇ ਸਵਾਲ ਉੱਠਣ ਲੱਗੇ ਹਨ। ਮੁਹਾਲੀ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ, ਤਰਨਤਾਰਨ, ਮੋਗਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਬੀਐੱਲਓ ਘਰ-ਘਰ ਜਾਣ ਦੀ ਬਜਾਏ ਇੱਕ ਥਾਂ ਬੈਠ ਕੇ ਫਾਰਮ ਭਰ ਰਹੇ ਹਨ। ਕਈ ਥਾਵਾਂ ‘ਤੇ ਲੋਕਾਂ ਨੂੰ ਐਲਾਨ ਕਰਕੇ ਨਿਰਧਾਰਤ ਸਥਾਨਾਂ ‘ਤੇ ਬੁਲਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਦੋਸ਼ ਲਾਇਆ ਕਿ ਬੀਐੱਲਓ ਹਦਾਇਤਾਂ ਅਨੁਸਾਰ ਘਰ-ਘਰ ਨਹੀਂ ਜਾ ਰਹੇ। ਜਾਣਕਾਰੀ ਮੁਤਾਬਕ ਸ਼ਹਿਰਾਂ ਵਿੱਚ ਕੌਂਸਲਰਾਂ ਅਤੇ ਪਿੰਡਾਂ ਵਿੱਚ ਸਰਪੰਚਾਂ ਰਾਹੀਂ ਫਾਰਮ ਭਰਵਾਏ ਜਾ ਰਹੇ ਹਨ। ਖਰੜ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਦੇ ਵੱਖ-ਵੱਖ ਬੂਥ ਹੋਣ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪਾਰਟੀ ਆਗੂਆਂ ਨੂੰ ਵੱਧ ਤੋਂ ਵੱਧ ਨਵੀਆਂ ਵੋਟਾਂ ਬਣਾਉਣ ‘ਤੇ ਧਿਆਨ ਦੇਣ ਲਈ ਕਿਹਾ ਅਤੇ ਪ੍ਰਕਿਰਿਆ ਦੀ ਸਮੀਖਿਆ ਵੀ ਕੀਤੀ।
ਸੀਈਓ ਨੇ ਮੰਗੀ ਡੀਸੀਜ਼ ਤੋਂ ਰਿਪੋਰਟ
ਪੰਜਾਬ ਦੀ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸ਼ਿਕਾਇਤਾਂ ਦੇ ਮੱਦੇਨਜ਼ਰ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਗਈ ਹੈ। ਜੇਕਰ ਦੋਸ਼ ਸਹੀ ਪਾਏ ਗਏ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਬਾਰਿਸ਼ ਕਾਰਨ ਆਈ ਦਿੱਕਤ : ਡੀਸੀ
ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੀ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ। ਖਰੜ ਦੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਦੀ ਬਾਰਿਸ਼ ਕਾਰਨ ਬੀਐੱਲਓਜ਼ ਲਈ ਘਰ-ਘਰ ਜਾਣਾ ਮੁਸ਼ਕਲ ਰਿਹਾ, ਜਦਕਿ ਜ਼ਿਆਦਾਤਰ ਬੂਥਾਂ ‘ਤੇ ਕੰਮ ਲਗਭਗ ਪੂਰਾ ਹੋ ਚੁੱਕਾ ਹੈ।
SIR 2026 BLOs Not Visiting Every Household In Several Areas Election Commission Seeks Report