July 15, 2026
Punjab Speaks Team / National
ਪਟਿਆਲਾ: ਸ਼ਹਿਰ ਦੇ ਥਾਣਾ ਅਨਾਜ ਮੰਡੀ ਇਲਾਕੇ ਵਿੱਚ ਇਕ ਵਿਅਕਤੀ ਦੀ ਫੰਦੇ ਨਾਲ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਵਿਰਾਜ ਵਜੋਂ ਹੋਈ ਹੈ, ਜਿਸ ਨੇ ਹਾਲ ਹੀ ਵਿੱਚ ਇਕ ਪਲਾਟ ਖਰੀਦਿਆ ਸੀ ਅਤੇ ਉਸ ਦੀ ਰਜਿਸਟਰੀ 15 ਜੁਲਾਈ ਨੂੰ ਹੋਣੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਬੁੱਧਵਾਰ ਨੂੰ ਬਿਹਾਰ ਤੋਂ ਪਟਿਆਲਾ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਵਿਰਾਜ ਦੇ ਕਤਲ ਦਾ ਖ਼ਦਸ਼ਾ ਜਤਾਇਆ ਹੈ।
ਮ੍ਰਿਤਕ ਦੀ ਪਤਨੀ ਬਬੀਤਾ ਨੇ ਦੋਸ਼ ਲਗਾਇਆ ਕਿ ਪਲਾਟ ਦੀ ਰਜਿਸਟਰੀ ਲਈ ਘਰ ਵਿੱਚ ਵੱਡੀ ਰਕਮ ਰੱਖੀ ਹੋਈ ਸੀ ਅਤੇ ਸੰਭਵ ਹੈ ਕਿ ਪੈਸਿਆਂ ਦੀ ਲਾਲਚ ਵਿੱਚ ਉਸ ਦੇ ਪਤੀ ਦਾ ਕਤਲ ਕਰਕੇ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਥਾਣਾ ਅਨਾਜ ਮੰਡੀ ਦੇ ਇੰਚਾਰਜ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
Man Dies Under Mysterious Circumstances In Patiala Body Found Hanging Before Plot Registration