July 16, 2026
Punjab Speaks Team / Punjab
ਕੋਲਕਾਤਾ 16 ਜੁਲਾਈ 2026: ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ (TMC) ਦੀ ਕਰਾਰੀ ਹਾਰ ਅਤੇ ਸੱਤਾ ਗੁਆਉਣ ਤੋਂ ਬਾਅਦ ਪਾਰਟੀ ਵਿੱਚ ਜਾਰੀ ਬਗਾਵਤ ਦੇ ਵਿਚਕਾਰ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਹੋਰ ਝਟਕਾ ਲੱਗਾ ਹੈ।
ਤ੍ਰਿਣਮੂਲ ਕਾਂਗਰਸ ਦੀ ਰਾਜਸਭਾ ਮੈਂਬਰ (ਸੰਸਦ ਮੈਂਬਰ) ਅਤੇ ਅਦਾਕਾਰਾ ਕੋਇਲ ਮੱਲਿਕ (ਰੁਕਮਣੀ ਮੱਲਿਕ) ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੋਇਲ ਨੇ ਉਪ-ਰਾਸ਼ਟਰਪਤੀ ਅਤੇ ਰਾਜਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੌਂਪਿਆ।
ਸੂਤਰਾਂ ਅਨੁਸਾਰ, ਅਸਤੀਫ਼ਾ ਸੌਂਪਣ ਤੋਂ ਬਾਅਦ ਕੋਇਲ ਮੱਲਿਕ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਭੂਪੇਂਦਰ ਯਾਦਵ ਨੂੰ ਮਿਲਣ ਲਈ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ। ਬੰਗਾਲ ਵਿੱਚ ਕੋਇਲ ਮੱਲਿਕ ਨੂੰ ਮਿਲਾ ਕੇ ਦੋ ਮਹੀਨਿਆਂ ਦੇ ਅੰਦਰ ਰਾਜਸਭਾ ਵਿੱਚ ਤ੍ਰਿਣਮੂਲ ਕਾਂਗਰਸ ਵੱਲੋਂ ਇਹ ਚੌਥਾ ਅਸਤੀਫ਼ਾ ਹੈ।ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬੜਾਈਕ ਨੇ ਰਾਜਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦੇਣ ਤੋਂ ਬਾਅਦ ਇਹ ਤਿੰਨੋਂ ਸਾਬਕਾ ਰਾਜਸਭਾ ਮੈਂਬਰ ਹਾਲ ਹੀ ਵਿੱਚ ਇੱਥੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਪਾਰਟੀ ’ਚ ਸ਼ਾਮਲ ਹੋਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਭਾਜਪਾ ਨੇ ਤਿੰਨਾਂ ਨੂੰ ਬੰਗਾਲ ਵਿੱਚ ਰਾਜਸਭਾ ਦੀਆਂ ਖਾਲੀ ਹੋਈਆਂ ਤਿੰਨ ਸੀਟਾਂ ‘ਤੇ ਹੋ ਰਹੀਆਂ ਜ਼ਿਮਨੀ ਚੋਣਾਂ (ਉਪ-ਚੋਣਾਂ) ਲਈ ਉਮੀਦਵਾਰ ਐਲਾਨ ਦਿੱਤਾ ਸੀ। ਬੰਗਾਲ ਵਿਧਾਨ ਸਭਾ ਵਿੱਚ ਭਾਜਪਾ ਦੀ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਰਾਜਸਭਾ ਦੀਆਂ ਖਾਲੀ ਹੋਈਆਂ ਤਿੰਨਾਂ ਸੀਟਾਂ ‘ਤੇ 24 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਤਿੰਨਾਂ ਦੀ ਜਿੱਤ ਤੈਅ ਹੈ।
Another Major Setback For Mamata Banerjee TMC MP Koel Mallick Resigns