January 9, 2026
Panjabਨਵੀਂ ਦਿੱਲੀ, 08 ਜਨਵਰੀ 2026 :- ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਸਾਡੀ ਖ਼ੁਰਾਕ ਤੇ ਜੀਵਨਸ਼ੈਲੀ ਵਿਚ ਵੱਡੀ ਤਬਦੀਲੀ ਆਉਂਦੀ ਹੈ। ਜਿੱਥੇ ਅਸੀਂ ਗਰਮ ਕੱਪੜਿਆਂ ਤੇ ਭਾਰੀ ਖਾਣ-ਪੀਣ ਵੱਲ ਧਿਆਨ ਦਿੰਦੇ ਹਾਂ, ਉੱਥੇ ਹੀ ਅਹਿਮ ਚੀਜ਼ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ, ਉਹ ਹੈ ਪਾਣੀ। ਗਰਮੀਆਂ ’ਚ ਪਸੀਨਾ ਆਉਣ ਕਾਰਨ ਸਾਨੂੰ ਪਿਆਸ ਲੱਗਦੀ ਹੈ ਪਰ ਸਰਦੀਆਂ ’ਚ ਪਿਆਸ ਘੱਟ ਲੱਗਣ ਕਾਰਨ ਅਸੀਂ ਪਾਣੀ ਪੀਣਾ ਬਹੁਤ ਘੱਟ ਕਰ ਦਿੰਦੇ ਹਾਂ।
ਅਕਸਰ ਦੇਖਿਆ ਜਾਂਦਾ ਹੈ ਕਿ ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਸਾਡੀ ਖ਼ੁਰਾਕ ਤੇ ਜੀਵਨਸ਼ੈਲੀ ਵਿਚ ਵੱਡੀ ਤਬਦੀਲੀ ਆਉਂਦੀ ਹੈ। ਜਿੱਥੇ ਅਸੀਂ ਗਰਮ ਕੱਪੜਿਆਂ ਤੇ ਭਾਰੀ ਖਾਣ-ਪੀਣ ਵੱਲ ਧਿਆਨ ਦਿੰਦੇ ਹਾਂ, ਉੱਥੇ ਹੀ ਅਹਿਮ ਚੀਜ਼ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ, ਉਹ ਹੈ ਪਾਣੀ। ਗਰਮੀਆਂ ’ਚ ਪਸੀਨਾ ਆਉਣ ਕਾਰਨ ਸਾਨੂੰ ਪਿਆਸ ਲੱਗਦੀ ਹੈ ਪਰ ਸਰਦੀਆਂ ’ਚ ਪਿਆਸ ਘੱਟ ਲੱਗਣ ਕਾਰਨ ਅਸੀਂ ਪਾਣੀ ਪੀਣਾ ਬਹੁਤ ਘੱਟ ਕਰ ਦਿੰਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ’ਚ ਵੀ ਤੁਹਾਡੇ ਸਰੀਰ ਨੂੰ ਓਨੇ ਹੀ ਪਾਣੀ ਦੀ ਲੋੜ ਹੁੰਦੀ ਹੈ, ਜਿੰਨੀ ਗਰਮੀਆਂ ’ਚ? ਪਾਣੀ ਦੀ ਘਾਟ ਸਰਦੀਆਂ ਵਿਚ ‘ਸਾਈਲੈਂਟ ਕਿੱਲਰ’ ਵਾਂਗ ਕੰਮ ਕਰ ਸਕਦੀ ਹੈ।
ਪਾਣੀ ਦੀ ਲੋੜ ਕਿਉਂ?
ਕਈ ਲੋਕ ਸੋਚਦੇ ਹਨ ਕਿ ਸਰਦੀਆਂ ਵਿਚ ਪਸੀਨਾ ਨਹੀਂ ਆਉਂਦਾ, ਇਸ ਲਈ ਪਾਣੀ ਦੀ ਲੋੜ ਨਹੀਂ ਹੈ ਪਰ ਵਿਗਿਆਨਕ ਪੱਖ ਤੋਂ ਦੇਖੀਏ ਤਾਂ ਸਰਦੀਆਂ ’ਚ ਸਰੀਰ ਕਈ ਹੋਰ ਤਰੀਕਿਆਂ ਨਾਲ ਪਾਣੀ ਗੁਆਉਂਦਾ ਹੈ:
– ਸਾਹ ਰਾਹੀਂ ਪਾਣੀ ਦਾ ਨਿਕਾਸ:ਜਦੋਂ ਅਸੀਂ ਠੰਢੀ ਤੇ ਖ਼ੁਸ਼ਕ ਹਵਾ ਵਿਚ ਸਾਹ ਲੈਂਦੇ ਹਾਂ ਤਾਂ ਸਰੀਰ ਉਸ ਹਵਾ ਨੂੰ ਗਰਮ ਤੇ ਨਮ ਕਰਨ ਲਈ ਆਪਣਾ ਪਾਣੀ ਖ਼ਰਚ ਕਰਦਾ ਹੈ। ਜਦੋਂ ਅਸੀਂ ਸਾਹ ਛੱਡਦੇ ਹਾਂ ਤੇ ਮੂੰਹ ਵਿੱਚੋਂ ਭਾਫ਼ ਨਿਕਲਦੀ ਹੈ, ਤਾਂ ਉਹ ਅਸਲ ਵਿਚ ਸਾਡੇ ਸਰੀਰ ਦਾ ਪਾਣੀ ਹੁੰਦਾ ਹੈ।
– ਜ਼ਿਆਦਾ ਪਿਸ਼ਾਬ: ਠੰਢ ਵਿਚ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਗੁਰਦੇ ਜ਼ਿਆਦਾ ਸਰਗਰਮ ਹੋ ਜਾਂਦੇ ਹਨ, ਜਿਸ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ ਤੇ ਸਰੀਰ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ।
– ਭਾਰੀ ਕੱਪੜੇ: ਸਰਦੀਆਂ ’ਚ ਅਸੀਂ ਕਈ ਤਹਿਆਂ ਵਿਚ ਗਰਮ ਕੱਪੜੇ ਪਾਉਂਦੇ ਹਾਂ। ਇਸ ਨਾਲ ਸਰੀਰ ਅੰਦਰੋਂ ਗਰਮ ਹੋ ਜਾਂਦਾ ਹੈ ਤੇ ਹਲਕਾ ਪਸੀਨਾ ਆਉਂਦਾ ਹੈ, ਜੋ ਸਾਨੂੰ ਮਹਿਸੂਸ ਨਹੀਂ ਹੁੰਦਾ ਪਰ ਸਰੀਰ ਨੂੰ ਖ਼ੁਸ਼ਕ ਕਰ ਦਿੰਦਾ ਹੈ।
ਪਾਣੀ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ
ਜੇ ਅਸੀਂ ਸਰਦੀਆਂ ’ਚ ਪਾਣੀ ਘੱਟ ਪੀਂਦੇ ਹਾਂ, ਤਾਂ ਸਾਡਾ ਸਰੀਰ ਕਈ ਗੰਭੀਰ ਸੰਕੇਤ ਦੇਣ ਲੱਗਦਾ ਹੈ:
ਪਾਚਨ ਪ੍ਰਣਾਲੀ ’ਤੇ ਅਸਰ
ਸਰਦੀਆਂ ਵਿਚ ਅਸੀਂ ਤਲੀਆਂ ਚੀਜ਼ਾਂ ਤੇ ਮੇਵੇ ਜ਼ਿਆਦਾ ਖਾਂਦੇ ਹਾਂ। ਇਨ੍ਹਾਂ ਨੂੰ ਪਚਾਉਣ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਦੀ ਕਮੀ ਕਾਰਨ ਪੇਟ ਸਾਫ਼ ਨਹੀਂ ਹੁੰਦਾ, ਜਿਸ ਨਾਲ ਕਬਜ਼, ਗੈਸ ਤੇ ਬਦਹਜ਼ਮੀ ਦੀ ਸਮੱਸਿਆ ਪੈਦਾ ਹੁੰਦੀ ਹੈ।
ਚਮੜੀ ਤੇ ਵਾਲਾਂ ਦਾ ਰੁੱਖਾਪਣ
ਸਰਦੀਆਂ ਦੀ ਹਵਾ ਪਹਿਲਾਂ ਹੀ ਖ਼ੁਸ਼ਕ ਹੁੰਦੀ ਹੈ। ਜਦੋਂ ਅੰਦਰੋਂ ਪਾਣੀ ਨਹੀਂ ਮਿਲਦਾ, ਤਾਂ ਚਮੜੀ ਫਟਣ ਲੱਗਦੀ ਹੈ, ਬੁੱਲ੍ਹ ਸੁੱਕ ਜਾਂਦੇ ਹਨ ਤੇ ਅੱਖਾਂ ਵਿਚ ਜਲਣ ਹੋਣ ਲੱਗਦੀ ਹੈ। ਵਾਲਾਂ ਦਾ ਝੜਨਾ ਤੇ ਸਿਕਰੀ ਵੀ ਪਾਣੀ ਦੀ ਕਮੀ ਦਾ ਹੀ ਨਤੀਜਾ ਹੈ।
ਥਕਾਵਟ ਤੇ ਸਿਰ ਦਰਦ
ਕੀ ਤੁਸੀਂ ਸਰਦੀਆਂ ਵਿਚ ਸੁਸਤੀ ਮਹਿਸੂਸ ਕਰਦੇ ਹੋ? ਇਹ ਅਕਸਰ ਪਾਣੀ ਦੀ ਕਮੀ ਕਾਰਨ ਹੁੰਦਾ ਹੈ। ਪਾਣੀ ਦੀ ਘਾਟ ਨਾਲ ਖ਼ੂਨ ਦਾ ਦੌਰਾ ਹੌਲੀ ਹੋ ਜਾਂਦਾ ਹੈ ਤੇ ਦਿਮਾਹ਼ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ, ਜਿਸ ਨਾਲ ਹਰ ਵੇਲੇ ਥਕਾਵਟ ਤੇ ਸਿਰ ਵਿਚ ਭਾਰੀਪਣ ਰਹਿੰਦਾ ਹੈ।
ਗੁਰਦੇ ਦੀ ਪੱਥਰੀ
ਜਦੋਂ ਸਰੀਰ ਵਿਚ ਪਾਣੀ ਘੱਟ ਹੁੰਦਾ ਹੈ, ਤਾਂ ਪਿਸ਼ਾਬ ਗਾੜ੍ਹਾ ਹੋ ਜਾਂਦਾ ਹੈ। ਇਸ ਨਾਲ ਗੁਰਦਿਆਂ ਵਿਚ ਲੂਣ ਤੇ ਖਣਿਜ ਜੰਮਣ ਲੱਗਦੇ ਹਨ, ਜੋ ਬਾਅਦ ਵਿਚ ਪੱਥਰੀ ਦਾ ਰੂਪ ਧਾਰ ਲੈਂਦੇ ਹਨ।
ਭਾਰ ਵਧਣਾ
ਕਈ ਵਾਰ ਜਦੋਂ ਸਾਨੂੰ ਪਿਆਸ ਲੱਗੀ ਹੁੰਦੀ ਹੈ, ਸਾਡਾ ਦਿਮਾਗ਼ ਸਾਨੂੰ ਭੁੱਖ ਦਾ ਸੰਕੇਤ ਦਿੰਦਾ ਹੈ। ਅਸੀਂ ਪਾਣੀ ਪੀਣ ਦੀ ਬਜਾਏ ਕੁਝ ਖਾ ਲੈਂਦੇ ਹਾਂ, ਜਿਸ ਨਾਲ ਸਰੀਰ ਵਿਚ ਵਾਧੂ ਕੈਲੋਰੀਜ਼ ਚਲੀਆਂ ਜਾਂਦੀਆਂ ਹਨ ਤੇ ਸਰਦੀਆਂ ਵਿੱਚ ਭਾਰ ਤੇਜ਼ੀ ਨਾਲ ਵਧਦਾ ਹੈ।
ਪਾਣੀ ਪੀਣ ਦੇ ਤਰੀਕੇ
ਜੇ ਤੁਹਾਨੂੰ ਹਮੇਸ਼ਾ ਪਾਣੀ ਪੀਣਾ ਮੁਸ਼ਕਲ ਲੱਗਦਾ ਹੈ, ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਪਾਣੀ ਦੀ ਮਾਤਰਾ ਪੂਰੀ ਕਰ ਸਕਦੇ ਹੋ:
– ਕੋਸਾ ਪਾਣੀ: ਹਮੇਸ਼ਾ ਕੋਸਾ ਪਾਣੀ ਪੀਓ। ਇਹ ਨਾ ਸਿਰਫ਼ ਪਿਆਸ ਬੁਝਾਉਂਦਾ ਹੈ ਸਗੋਂ ਗਲੇ ਨੂੰ ਵੀ ਰਾਹਤ ਦਿੰਦਾ ਹੈ ਤੇ ਚਰਬੀ ਨੂੰ ਘਟਾਉਣ ਵਿਚ ਮਦਦ ਕਰਦਾ ਹੈ।
– ਹਰਬਲ ਚਾਹ ਜਾਂ ਕਾੜ੍ਹਾ: ਤੁਲਸੀ, ਅਦਰਕ ਜਾਂ ਦਾਲਚੀਨੀ ਵਾਲਾ ਕਾੜ੍ਹਾ ਪੀਣ ਨਾਲ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ ਤੇ ਇਮਿਊਨਿਟੀ ਵੀ ਵਧਦੀ ਹੈ।
– ਸੂਪ ਤੇ ਜੂਸ:ਘਰ ਵਿਚ ਬਣਿਆ ਸਬਜ਼ੀਆਂ ਦਾ ਗਰਮ ਸੂਪ ਪਾਣੀ ਦਾ ਬਹੁਤ ਵਧੀਆ ਸਰੋਤ ਹੈ।
– ਫਲ ਤੇ ਸਬਜ਼ੀਆਂ: ਸਰਦੀਆਂ ਵਿਚ ਮੂਲੀ, ਸੰਤਰਾ ਤੇ ਅੰਗੂਰ ਵਰਗੇ ਫਲ ਖਾਓ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਸਰਦੀਆਂ ਵਿਚ ਸਿਹਤਮੰਦ ਰਹਿਣ ਦਾ ਸਭ ਤੋਂ ਸਸਤਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਪਾਣੀ। ਦਿਨ ਵਿਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਪੀਣ ਦੀ ਆਦਤ ਪਾਓ। ਪਿਆਸ ਲੱਗਣ ਦਾ ਇੰਤਜ਼ਾਰ ਨਾ ਕਰੋ ਸਗੋਂ ਹਰ ਇਕ-ਦੋ ਘੰਟੇ ਬਾਅਦ ਪਾਣੀ ਪੀਂਦੇ ਰਹੋ। ਯਾਦ ਰੱਖੋ ਕਿ ਹਾਈਡ੍ਰੇਟਿਡ ਸਰੀਰ ਹੀ ਬਿਮਾਰੀਆਂ ਨਾਲ ਲੜਨ ਦੇ ਯੋਗ ਹੁੰਦਾ ਹੈ। ਇਸ ਵਾਰ ਸਰਦੀਆਂ ਵਿਚ ਆਪਣੇ ਸਰੀਰ ਨੂੰ ਡੀਹਾਈਡ੍ਰੇਟ ਨਾ ਹੋਣ ਦਿਉ ਤੇ ਪਾਣੀ ਦੀ ਮਹੱਤਤਾ ਨੂੰ ਸਮਝੋ।
Drinking Less Water In Winter Can Be Dangerous For Health