December 17, 2024
Punjab Speaks Team / National
ਪ੍ਰਸ਼ਾਸਨ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ 1 ਜਨਵਰੀ 2025 ਤੋਂ ਭਿਖਾਰੀਆਂ ਨੂੰ ਭੀਖ ਦੇਣ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ। ਜ਼ਿਲ੍ਹਾ ਕੁਲੈਕਟਰ ਅਸ਼ੀਸ਼ ਸਿੰਘ ਨੇ ਕਿਹਾ ਕਿ ਇੰਦੌਰ ਵਿੱਚ ਭੀਖ ਮੰਗਣ 'ਤੇ ਪਾਬੰਦੀ ਲਗਾਉਣ ਦਾ ਹੁਕਮ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ, ‘ਜਾਗਰੂਕਤਾ ਮੁਹਿੰਮ 31 ਦਸੰਬਰ, 2024 ਤੱਕ ਜਾਰੀ ਰਹੇਗੀ। ਜੇ 1 ਜਨਵਰੀ 2025 ਤੋਂ ਕੋਈ ਭੀਖ ਮੰਗਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਕੁਲੈਕਟਰ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇੰਦੌਰ ਵਾਸੀ ਦਾਨ ਦੇ ਕੇ ਇਸ ਗ਼ਲਤ ਕੰਮ ਵਿੱਚ ਭਾਗੀਦਾਰ ਨਾ ਬਣਨ।
ਪ੍ਰਸ਼ਾਸਨ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਭੀਖ ਮੰਗਣ ਵਾਲੇ ਕਈ ਗਰੋਹਾਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਭੀਖ ਮੰਗਣ ਵਾਲੇ ਲੋਕਾਂ ਨੂੰ ਨਵੀਆਂ ਨੌਕਰੀਆਂ ਪ੍ਰਦਾਨ ਕਰਕੇ ਉਨ੍ਹਾਂ ਦਾ ਜੀਵਨ ਸੁਧਾਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇੰਦੌਰ ਨੂੰ ਭਿਖਾਰੀ-ਮੁਕਤ ਬਣਾਉਣ ਦੀ ਇਹ ਪਹਿਲ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਇੱਕ ਵਿਸ਼ੇਸ਼ ਪ੍ਰੋਜੈਕਟ ਦਾ ਹਿੱਸਾ ਹੈ। ਇਸ ਪ੍ਰੋਜੈਕਟ ਵਿੱਚ ਦੇਸ਼ ਦੇ 10 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਭਿਖਾਰੀ ਮੁਕਤ ਬਣਾਇਆ ਜਾਣਾ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਸ਼ਹਿਰ ਦਾ ਅਕਸ ਸੁਧਰੇਗਾ, ਸਗੋਂ ਗੁੰਡਾਗਰਦੀ ਤੇ ਭਿਖਾਰੀਆਂ ਦੇ ਸ਼ੋਸ਼ਣ ਨੂੰ ਵੀ ਰੋਕਿਆ ਜਾ ਸਕੇਗਾ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਭੀਖ ਮੰਗਣ ਵਾਲਿਆਂ ਨੂੰ ਵਧੀਆ ਜੀਵਨ ਪ੍ਰਦਾਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
FIR Will Be Filed Against Beggars From January 1 Know The Full Reason