January 19, 2026
Punjab Speaks Team / Panjab
ਨਵੀਂ ਦਿੱਲੀ, 19 ਜਨਵਰੀ 2026 :- ਚਿਲੀ ਦੇ ਦੱਖਣੀ ਇਲਾਕਿਆਂ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਨੇ ਐਤਵਾਰ ਨੂੰ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਅੱਗ ਬੇਕਾਬੂ ਹੋ ਕੇ ਤੇਜ਼ੀ ਨਾਲ ਫੈਲ ਰਹੀ ਹੈ।
ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਨੂਬਲ ਅਤੇ ਬਾਇਓਬਾਇਓ ਇਲਾਕਿਆਂ ਵਿੱਚ ਆਫ਼ਤ (ਐਮਰਜੈਂਸੀ) ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਹਵਾਵਾਂ ਅਤੇ ਭਿਆਨਕ ਗਰਮੀ ਕਾਰਨ ਫਾਇਰਫਾਈਟਰਜ਼ ਲਈ ਅੱਗ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
8,500 ਹੈਕਟੇਅਰ ਜ਼ਮੀਨ ਸੜ ਕੇ ਹੋਈ ਸੁਆਹ
ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ‘ਐਕਸ’ (ਪੁਰਾਣਾ ਟਵਿੱਟਰ) ‘ਤੇ ਪੋਸਟ ਕਰਦਿਆਂ ਕਿਹਾ, “ਗੰਭੀਰ ਜੰਗਲੀ ਅੱਗ ਨੂੰ ਦੇਖਦੇ ਹੋਏ ਮੈਂ ਨੂਬਲ ਅਤੇ ਬਾਇਓਬਾਇਓ ਇਲਾਕਿਆਂ ਵਿੱਚ ਆਫ਼ਤ ਦੀ ਸਥਿਤੀ ਦਾ ਐਲਾਨ ਕੀਤਾ ਹੈ। ਸਾਰੇ ਲੋੜੀਂਦੇ ਸਰੋਤ ਮੁਹੱਈਆ ਕਰਵਾਏ ਜਾ ਰਹੇ ਹਨ।”
CONAF (ਚਿਲੀ ਦੀ ਜੰਗਲਾਤ ਏਜੰਸੀ) ਅਨੁਸਾਰ, ਐਤਵਾਰ ਸਵੇਰ ਤੱਕ ਦੇਸ਼ ਭਰ ਵਿੱਚ 24 ਥਾਵਾਂ ‘ਤੇ ਅੱਗ ਸਰਗਰਮ ਸੀ। ਸਭ ਤੋਂ ਖ਼ਤਰਨਾਕ ਸਥਿਤੀ ਨੂਬਲ ਅਤੇ ਬਾਇਓਬਾਇਓ ਵਿੱਚ ਹੈ, ਜੋ ਸੈਂਟੀਆਗੋ ਤੋਂ ਲਗਪਗ 500 ਕਿਲੋਮੀਟਰ ਦੂਰ ਹਨ। ਇਨ੍ਹਾਂ ਖੇਤਰਾਂ ਵਿੱਚ ਹੁਣ ਤੱਕ ਲਗਪਗ 8,500 ਹੈਕਟੇਅਰ (21,000 ਏਕੜ) ਜ਼ਮੀਨ ਸੜ ਚੁੱਕੀ ਹੈ।
20,000 ਤੋਂ ਵੱਧ ਲੋਕ ਬੇਘਰ
ਅੱਗ ਕਾਰਨ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਕੁਝ ਰਿਪੋਰਟਾਂ ਵਿੱਚ ਇਹ ਗਿਣਤੀ 50,000 ਤੱਕ ਦੱਸੀ ਜਾ ਰਹੀ ਹੈ। ਡਿਜ਼ਾਸਟਰ ਮੈਨੇਜਮੈਂਟ ਏਜੰਸੀ (Senapred) ਨੇ ਦੱਸਿਆ ਕਿ ਘੱਟੋ-ਘੱਟ 250 ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ। ਰਾਸ਼ਟਰਪਤੀ ਬੋਰਿਕ ਨੇ ਪੁਸ਼ਟੀ ਕੀਤੀ ਕਿ ਮੌਤਾਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ, ਕਿਉਂਕਿ ਕਈ ਲੋਕ ਅਜੇ ਵੀ ਲਾਪਤਾ ਹਨ।
ਤੇਜ਼ ਹਵਾਵਾਂ ਅਤੇ ਗਰਮੀ ਨੇ ਵਧਾਈਆਂ ਮੁਸ਼ਕਲਾਂ
ਮੌਸਮ ਨੇ ਅੱਗ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ। ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਗਈ ਹੈ। ਤੇਜ਼ ਹਵਾਵਾਂ ਅੱਗ ਨੂੰ ਹੋਰ ਭੜਕਾ ਰਹੀਆਂ ਹਨ ਅਤੇ ਧੂਆਂ ਇੰਨਾ ਸੰਘਣਾ ਹੈ ਕਿ ਦੂਰ-ਦੂਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ। ਚਿਲੀ ਦੇ ਨਾਲ-ਨਾਲ ਗੁਆਂਢੀ ਦੇਸ਼ ਅਰਜਨਟੀਨਾ ਵਿੱਚ ਵੀ ਭਿਆਨਕ ਗਰਮੀ (Heatwave) ਦਾ ਕਹਿਰ ਜਾਰੀ ਹੈ।
Fire Rages In Chilean Forests 18 Dead 20 000 People Homeless Nationwide Emergency Declared