February 4, 2026
Punjab Speaks Team / Panjab
ਨਵੀਂ ਦਿੱਲੀ, 04 ਫਰਵਰੀ 2026 :- ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਵਪਾਰਕ ਡੀਲ (Trade Deal) ਨੂੰ ਲੈ ਕੇ ਕੇਂਦਰੀ ਵਣਜ ਮੰਤਰੀ ਪੀਊਸ਼ ਗੋਇਲ ਨੇ ਸੰਸਦ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਵਿੱਚ ਦੇਸ਼ ਦੇ ਹਿੱਤਾਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਗਿਆ ਹੈ। ਹਾਲਾਂਕਿ, ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਰਹੀ।
ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਰੌਲੇ-ਰੱਪੇ ਦੇ ਵਿਚਕਾਰ ਉਨ੍ਹਾਂ ਕਿਹਾ ਕਿ ਦੇਸ਼ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਅਤੇ ਖ਼ਾਸ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਖੇਤੀਬਾੜੀ ਖੇਤਰ ਸੁਰੱਖਿਅਤ ਰਹੇਗਾ ਅਤੇ ਅਮਰੀਕੀ ਬਾਜ਼ਾਰ ਵਿੱਚ ਭਾਰਤ ਦੀ ਬਰਾਮਦ (Export) ਵਧੇਗੀ।
‘ਡੇਅਰੀ ਖੇਤਰ ਵਿੱਚ ਵੀ ਹਿੱਤ ਸੁਰੱਖਿਅਤ’
ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਕਾਰ ਖੇਤੀਬਾੜੀ ਖੇਤਰਾਂ ਦੀ ਰੱਖਿਆ ਕਰਨ ਵਿੱਚ ਸਫ਼ਲ ਰਹੀ ਹੈ ਅਤੇ ਕਈ ਦੌਰ ਦੀ ਚਰਚਾ ਤੋਂ ਬਾਅਦ ਹੀ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਡੇਅਰੀ (ਦੁੱਧ) ਖੇਤਰ ਵਿੱਚ ਵੀ ਸਾਡੇ ਹਿੱਤ ਸੁਰੱਖਿਅਤ ਹਨ ਅਤੇ ਇਸ ਡੀਲ ਨਾਲ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਹੋਵੇਗਾ।
‘ਵਿਕਸਿਤ ਅਤੇ ਆਤਮਨਿਰਭਰ ਭਾਰਤ ਨੂੰ ਮਿਲੇਗਾ ਹੁਲਾਰਾ’
ਪੀਊਸ਼ ਗੋਇਲ ਨੇ ਕਿਹਾ, “ਅਮਰੀਕਾ ਦੇ ਨਾਲ ਵਪਾਰਕ ਸਮਝੌਤੇ ਵਿੱਚ ਭਾਰਤ ਖੇਤੀਬਾੜੀ ਅਤੇ ਡੇਅਰੀ ਵਰਗੇ ਸੰਵੇਦਨਸ਼ੀਲ ਸੈਕਟਰਾਂ ਵਿੱਚ ਆਪਣੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਕਾਮਯਾਬ ਰਿਹਾ ਹੈ। ਇਹ ਸਮਝੌਤਾ ‘ਵਿਕਸਿਤ ਭਾਰਤ’ ਅਤੇ ‘ਆਤਮਨਿਰਭਰ ਭਾਰਤ’ ਦੀਆਂ ਮੁਹਿੰਮਾਂ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।”
Piyush goyal s big statement on india us trade deal historic agreement farmers interests fully protected