December 30, 2024
Punjab Speaks Team / Panjab
ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਦੇ ਲਾਗੇ ਟੀਵੀਐੱਸ ਦੇ ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ। ਅੱਗ ਏਨ੍ਹੀ ਭਿਆਨਕ ਸੀ ਕਿ ਸ਼ੋਅਰੂਮ ’ਚ ਪਏ 40 ਦੇ ਕਰੀਬ ਇਲੈਕਟ੍ਰਿਕ ਸਕੂਟਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਅੱਗ ਦੀਆਂ ਲਪਟਾਂ ਦੇਖ ਕੇ ਆਲੇ-ਦੁਆਲੇ ਦੇ ਲੋਕ ਹਾਦਸੇ ਵਾਲੀ ਥਾਂ ਦੇ ਕੋਲ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਇਸ ਮਾਮਲੇ ਸਬੰਧੀ ਲੋਕਾਂ ਨੇ ਸ਼ੋਅਰੂਮ ਦੇ ਮਾਲਕ ਨੂੰ ਵੀ ਫੋਨ ’ਤੇ ਜਾਣਕਾਰੀ ਦਿੱਤੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਇਹ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਸਭ ਤੋਂ ਪਹਿਲੋਂ ਸ਼ੋਅਰੂਮ ਦੇ ਬਿਲਕੁਲ ਨਾਲ ਪੈਂਦੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਰੌਲਾ ਪਾਇਆ। ਉਨ੍ਹਾਂ ਨੇ ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਚਸ਼ਮਦੀਦਾਂ ਦੇ ਮੁਤਾਬਕ ਅੱਗ ਲੱਗਣ ਦੇ ਕੁਝ ਸਮੇਂ ਬਾਅਦ ਦੂਸਰੀ ਮੰਜ਼ਿਲ ਤੋਂ ਧਮਾਕਿਆਂ ਦੀ ਆਵਾਜ਼ ਆਉਣ ਲੱਗੀ। ਇਹ ਧਮਾਕੇ ਲਗਾਤਾਰ ਹੋ ਰਹੇ ਸਨ। ਖਦਸ਼ਾ ਇਹ ਹੈ ਕਿ ਹਾਦਸੇ ਦੌਰਾਨ ਸ਼ੋਅਰੂਮ ’ਚ ਪਈਆਂ ਬੈਟਰੀਆਂ ਫੱਟ ਰਹੀਆਂ ਸਨ। ਹਾਦਸਾ ਇਸ ਕਦਰ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਇਸੇ ਦੌਰਾਨ ਲੋਕਲ ਅੱਡਾ, ਸੁੰਦਰ ਨਗਰ ਤੇ ਤਾਜਪੁਰ ਰੋਡ ਦੇ ਫਾਇਰ ਸਟੇਸ਼ਨਾਂ ਤੋਂ ਟੈਂਡਰ ਬੁਲਾਏ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ 12 ਤੋਂ 13 ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਪੂਰੀ ਤਰਾਂ ਕਾਬੂ ਪਾ ਲਿਆ।
Terrible Fire Broke Out In TVS Showroom At Ludhiana Basti Jodhewal About 40 E Scooters Burnt To Ashes