December 30, 2025
Punjab Speaks Team / Panjab
ਚੰਡੀਗੜ੍ਹ, 30 ਦਸੰਬਰ 2025 :- ਜੇਕਰ ਕਿਸੇ ਨਾਲ ਸਾਈਬਰ ਠੱਗੀ ਹੋ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਘਬਰਾਉਣਾ ਨਹੀਂ, ਬਲਕਿ ਪਹਿਲੇ ਦੋ ਘੰਟਿਆਂ ਦੇ ਅੰਦਰ ਸਹੀ ਕਦਮ ਚੁੱਕਣਾ। ਸਾਈਬਰ ਸਕਿਓਰਿਟੀ ਐਂਡ ਕੰਪਲਾਇੰਸ ਆਡੀਟਰ ਅਤੇ ਸਾਈਬਰ ਸਪਲੰਕ ਦੇ ਫਾਊਂਡਰ ਸੀਈਓ ਤਰੁਣ ਮਲਹੋਤਰਾ ਨੇ ਕਿਹਾ ਕਿ ਸਾਈਬਰ ਠੱਗੀ ਤੋਂ ਬਾਅਦ ਪਹਿਲੇ ਦੋ ਘੰਟੇ ਗੋਲਡਨ ਆਵਰ ਹੁੰਦੇ ਹਨ। ਇਸੇ ਸਮੇਂ ਵਿਚ 1930 ਹੈਲਪਲਾਈਨ, ਬੈਂਕ ਅਤੇ ਸਾਈਬਰ ਕ੍ਰਾਈਮ ਪੁਲਿਸ ਨੂੰ ਸੂਚਨਾ ਦੇ ਕੇ ਖਾਤੇ ਫ੍ਰੀਜ਼ ਕਰਵਾਏ ਜਾ ਸਕਦੇ ਹਨ ਅਤੇ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਜੇਕਰ ਦੇਰੀ ਹੋ ਜਾਵੇ ਤਾਂ ਪੈਸਾ ਕਈ ਖਾਤਿਆਂ ਵਿਚ ਘੁੰਮ ਕੇ ਕੱਢਵਾ ਲਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਵਾਪਸ ਲਿਆਉਣ ਲਗਪਗ ਅਸੰਭਵ ਹੋ ਜਾਂਦਾ ਹੈ।
ਮਲਹੋਤਰਾ ਨੇ ਕਿਹਾ ਕਿ ਸਾਈਬਰ ਅਪਰਾਧੀ ਤਕਨੀਕ ਤੋਂ ਵੱਧ ਇਨਸਾਨ ਦੀਆਂ ਭਾਵਨਾਵਾਂ ਨੂੰ ਹੈਕ ਕਰਦੇ ਹਨ। ਉਹ ਡਰ, ਲਾਲਚ ਅਤੇ ਭਾਵਨਾਤਮਕ ਕਮਜ਼ੋਰੀ ਦਾ ਫ਼ਾਇਦਾ ਚੁੱਕਦੇ ਹਨ। ਕਦੀ ਫੋਨ ਕਰ ਕੇ ਡਰਾਇਆ ਜਾਂਦਾ ਹੈ ਕਿ ਤੁਹਾਡੇ ਖਾਤੇ ਤੋਂ ਗ਼ਲਤ ਲੈਣ-ਦੇਣ ਹੋਇਆ ਹੈ, ਤੁਹਾਡੇ ਬੱਚੇ ਦੇ ਨਾਂ ’ਤੇ ਕੇਸ ਹੈ, ਤੁਹਾਡਾ ਨੰਬਰ ਬਲਾਕ ਹੋ ਜਾਵੇਗਾ ਜਾਂ ਤੁਹਾਡੇ ਖਾਤੇ ਤੋਂ ਅੱਤਵਾਦੀ ਫੰਡਿੰਗ ਹੋ ਰਹੀ ਹੈ। ਕਈ ਵਾਰ ਲਾਲਚ ਦਿੱਤਾ ਜਾਂਦਾ ਹੈ ਕਿ ਪੈਸਾ ਡਬਲ ਹੋ ਜਾਵੇਗਾ ਇਹ ਸੀਕ੍ਰੇਟ ਇਨਵੈਸਟਮੈਂਟ ਹੈ, ਤੁਹਾਨੂੰ ਸਰਕਾਰੀ ਸਕੀਮ ਦਾ ਫ਼ਾਇਦਾ ਦੁਆ ਦਿੱਤਾ ਜਾਵੇਗਾ। ਇਸ ਜਾਲ ਵਿਚ ਕਈ ਵਾਰ ਪੜ੍ਹੇ-ਲਿਖੇ ਅਤੇ ਸਮਝਦਾਰ ਲੋਕ ਵੀ ਫਸ ਜਾਂਦੇ ਹਨ ਕਿਉਂਕਿ ਠੱਗ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਗੱਲ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਠੱਗ ਅਕਸਰ ਦੋਸਤ ਬਣ ਕੇ ਗੱਲ ਕਰਦੇ ਹਨ, ਭਰੋਸਾ ਜਿੱਤਦੇ ਹਨ ਅਤੇ ਫਿਰ ਹੌਲੀ-ਹੌਲੀ ਵਿਅਕਤੀ ਨੂੰ ਮਾਨਸਿਕ ਦਬਾਅ ਵਿਚ ਲੈ ਲੈਂਦੇ ਹਨ। ਪੀੜਤ ਡਰ ਦੇ ਕਾਰਨ ਸੋਚਣ-ਸਮਝਣ ਦਾ ਸਮਾਂ ਨਹੀਂ ਲੈ ਪਾਉਂਦਾ ਅਤੇ ਉਹੀ ਗ਼ਲਤੀ ਕਰ ਬੈਠਦਾ ਹੈ, ਜਿਸਦਾ ਠੱਗ ਇੰਤਜ਼ਾਰ ਕਰ ਰਿਹਾ ਹੁੰਦਾ ਹੈ, ਜਿਵੇਂ ਓਟੀਪੀ ਦੱਸਣਾ, ਲਿੰਕ ’ਤੇ ਕਲਿੱਕ ਕਰਨਾ ਜਾਂ ਪੈਸਾ ਟਰਾਂਸਫਰ ਕਰਨਾ ਆਦਿ। ਮਲਹੋਤਰਾ ਨੇ ਕਿਹਾ ਕਿ ਸਾਈਬਰ ਅਪਰਾਧ ਕਿਸੇ ਦੇ ਨਾਲ ਵੀ ਹੋ ਸਕਦਾ ਹੈ – ਅਮੀਰ, ਗ਼ਰੀਬ, ਪੜ੍ਹਿਆ-ਲਿਖਿਆ ਜਾਂ ਅਨਪੜ੍ਹ ਕੋਈ ਵੀ ਸੁਰੱਖਿਅਤ ਨਹੀਂ ਹੈ। ਫਰਕ ਸਿਰਫ਼ ਇੰਨਾ ਹੈ ਕਿ ਜੋ ਵਿਅਕਤੀ ਸਮੇਂ ’ਤੇ ਸਹੀ ਕਦਮ ਚੁੱਕ ਲੈਂਦਾ ਹੈ, ਉਹੀ ਨੁਕਸਾਨ ਤੋਂ ਬਚਦਾ ਹੈ। ਅੱਜ ਦੀ ਡਿਜੀਟਲ ਦੁਨੀਆ ਵਿਚ ਸਭ ਤੋਂ ਵੱਡੀ ਸੁਰੱਖਿਆ ਤਕਨੀਕ ਨਹੀਂ ਬਲਕਿ ਸਮਝਦਾਰੀ, ਸੰਜਮ ਅਤੇ ਜਾਗਰੂਕਤਾ ਹੈ।
ਕਿਵੇਂ ਬਚੀਏ
ਕੋਈ ਵੀ ਫੋਨ ’ਤੇ ਓਟੀਪੀ, ਪਿੰਨ ਜਾਂ ਪਾਸਵਰਡ ਨਾ ਦੱਸੋ, ਬੇਸ਼ੱਕ ਸਾਹਮਣੇ ਵਾਲਾ ਕਿੰਨਾ ਵੀ ਭਰੋਸੇਮੰਦ ਕਿਉਂ ਨਾ ਲੱਗੇ।
ਡਰਾਉਣ ਜਾਂ ਕਾਹਲੀ ਕਰਨ ਵਾਲੀ ਕਾਲ ਆਵੇ ਤਾਂ ਤੁਰੰਤ ਕੱਟ ਦਿਓ ਅਤੇ ਖ਼ੁਦ ਬੈਂਕ ਜਾਂ ਸਬੰਧਤ ਸੰਸਥਾ ਨੂੰ ਕਾਲ ਕਰੋ।
ਪੈਸਾ ਡਬਲ ਜਾਂ ਗਰੰਟਡ ਰਿਟਰਨ ਵਰਗੀਆਂ ਗੱਲਾਂ ਤੋਂ ਦੂਰ ਰਹੋ, ਇਹੀ ਲਗਪਗ ਹਮੇਸ਼ਾ ਠੱਗੀ ਹੀ ਹੁੰਦੀ ਹੈ।
ਕਿਸੇ ਅਣਜਾਨ ਲਿੰਕ ’ਤੇ ਕਲਿੰਕ ਨਾ ਕਰੋ, ਖ਼ਾਸ ਕਰ ਕੇ ਜੋ ਇਨਾਮ, ਰਿਫੰਡ ਜਾਂ ਸ਼ਿਕਾਇਤ ਦੇ ਨਾਂ ’ਤੇ ਆਇਆ ਹੋਵੇ।
ਜੇਕਰ ਗ਼ਲਤੀ ਹੋ ਜਾਵੇ ਤਾਂ ਸ਼ਰਮ ਨਾ ਕਰੋ, ਤੁਰੰਤ 1930 ’ਤੇ ਕਾਲ ਕਰੋ ਅਤੇ ਬੈਂਕ ਨੂੰ ਸੂਚਨਾ ਦਿਓ।
ਬੱਚਿਆਂ ਅਤੇ ਬਜ਼ੁਰਗਾਂ ਨੂੰ ਪਹਿਲਾਂ ਤੋਂ ਹੀ ਅਜਿਹੇ ਫਰਾਡ ਬਾਰੇ ਸਮਝਾ ਕੇ ਰੱਖੋ।
ਸਭ ਤੋਂ ਵੱਡੀ ਸੁਰੱਖਿਆ ਨਹੀਂ ਬਲਕਿ ਸਮਝਦਾਰੀ, ਸੰਜਮ ਅਤੇ ਜਾਗਰੂਕਤਾ ਹੈ।
Cyber Fraud Alert Don t Delay This Is Something You Must Do In The First Two Hours