December 31, 2025
Punjab Speaks Team / Panjab
ਜਗਰਾਓਂ, 31 ਦਸੰਬਰ 2025 :- ਜਗਰਾਓਂ ਦੇ ਐੱਸਐੱਸਪੀ ਦਫ਼ਤਰ ਅੱਗੇ ਯੂਥ ਕਾਂਗਰਸ ਵੱਲੋਂ ਪੰਜਾਬ ’ਚ ਵਿਗੜੇ ਹਾਲਾਤ ’ਤੇ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਯੂਥ ਕਾਂਗਰਸ ਨੇ ਹਾਲਾਤ ਨਾ ਸੁਧਰਣ ’ਤੇ ਪੰਜਾਬ ਦੇ ਸੀਐਮ ਤੇ ਡੀਜੀਪੀ ਪੰਜਾਬ ਦਾ ਘਰ ਘੇਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਜੇ ਉਨ੍ਹਾਂ ਤੋਂ ਹਾਲਾਤ ਨਾ ਸੁਧਰਦੇ ਤਾਂ ਅਸਤੀਫੇ ਦੇ ਦੇਣ। ਜ਼ਿਲ੍ਹਾ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵੱਲੋਂ ਜਗਰਾਓਂ ਯੂਥ ਕਾਂਗਰਸ ਦੀ ਅਗਵਾਈ ਹੇਠ ਸਥਾਨਕ ਗਰੇਵਾਲ ਮਾਰਕੀਟ ’ਚ ਜ਼ਿਲ੍ਹੇ ਭਰ ਤੋਂ ਯੂਥ ਕਾਂਗਰਸੀ ਵੱਡੀ ਗਿਣਤੀ ’ਚ ਇਕੱਠੇ ਹੋਏ। ਇਥੋਂ ਰੋਸ ਮਾਰਚ ਕਰਦੇ ਹੋਏ ਯੂਥ ਕਾਂਗਰਸੀ ਤਹਿਸੀਲ ਰੋਡ ’ਤੇ ਉਤਰੇ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਐੱਸਐੱਸਪੀ ਦਫ਼ਤਰ ਨੇੜੇ ਪੁੱਜਾ, ਜਿਥੇ ਪੰਜਾਬ ਦੇ ਵਿਗੜੇ ਹਾਲਾਤ ਦੀ ਦੁਹਾਈ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ’ਚ ਸੀਐੱਮ ਦਾ ਪੁਤਲਾ ਫੂਕਿਆ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ ਨੇ ਕਿਹਾ ਰੰਗਲਾ ਪੰਜਾਬ ਬਨਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਕਤਲ, ਫਿਰੌਤੀਆਂ, ਧਮਕੀਆਂ ਤੇ ਵਾਰਦਾਤਾਂ ਦਾ ਸੂਬਾ ਬਣਾ ਦਿੱਤਾ।
ਉਨ੍ਹਾਂ ਕਿਹਾ ਸੁਣਦੇ ਸੀ ਕਿ ਯੂਪੀ ਤੇ ਬਿਹਾਰ ’ਚ ਗੁੰਡਾਰਾਜ ਹੈ ਪਰ ਪੰਜਾਬ ’ਚ ਉਸ ਤੋਂ ਵੀ ਬਦਤਰ ਹਾਲਾਤ ਹੋ ਗਏ। ਅੱਜ ਪੰਜਾਬ ਦਾ ਵਪਾਰੀ, ਸਨਅਤਕਾਰ ਤੇ ਦੁਕਾਨਦਾਰ ਸੁਰੱਖਿਅਤ ਨਹੀਂ ਹਨ। ਕਦੋਂ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗ ਲਈ ਜਾਵੇ ਤੇ ਨਾ ਦੇਣ ’ਤੇ ਫਾਇਰਿੰਗ ਕਰ ਦਿੱਤੀ ਜਾਵੇ, ਦਾ ਪਤਾ ਨਹੀਂ ਲੱਗਦਾ। ਪੁਲਿਸ ਇਨ੍ਹਾਂ ਹਾਲਾਤ ਨੂੰ ਸੁਧਾਰਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਤੇ ਜਗਰਾਓਂ ਯੂਥ ਕਾਂਗਰਸ ਦੇ ਪ੍ਰਧਾਨ ਮਨੀ ਗਰਗ ਨੇ ਕਿਹਾ ਸੂਬੇ ’ਚ ਨਿੱਤ ਵਾਪਰ ਰਹੀਆਂ ਘਟਨਾਵਾਂ ਨੇ ਪੰਜਾਬ ਦੇ ਲੋਕਾਂ ਨੂੰ ਸਹਿਮ ’ਚ ਪਾ ਦਿੱਤਾ ਹੈ। ਦਿਨ ਚੜ੍ਹਦਿਆਂ ਹੀ ਘਰਾਂ ਤੋਂ ਨਿਕਲਦਿਆਂ ਲੋਕ ਸ਼ਾਮਾਂ ਨੂੰ ਘਰੋਂ ਘਰੀ ਪੁੱਜਣ ਦੀਆਂ ਅਰਦਾਸਾਂ ਕਰਦੇ ਹਨ। ਇਸ ਮੌਕੇ ਉਨ੍ਹਾਂ ਲੁਧਿਆਣਾ ਦਿਹਾਤੀ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਨ ਦੀ ਮੰਗ ਕਰਦਿਆਂ ਐੱਸਪੀ ਡੀ ਨੂੰ ਮੰਗ ਪੱਤਰ ਸੌਂਪਿਆ।
ਇਸ ਸਮੇਂ ਰਾਏਕੋਟ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਗਰੇਵਾਲ, ਮੁੱਲਾਂਪੁਰ ਦੇ ਪ੍ਰਧਾਨ ਤਨਵੀਰ ਜੋਧਾਂ, ਗੈਰੀ ਕੋਟਮਾਨਾ, ਖੁਸ਼ ਸਰਪੰਚ, ਹਨੀ ਸਰਪੰਚ, ਜਸਵਿੰਦਰ ਸਿੰਘ, ਅਨਮੋਲ ਸਿੰਘ, ਦੀਪਾ ਸਰਪੰਚ, ਚਰਨਪ੍ਰੀਤ ਸਰਪੰਚ, ਨੰਬਰਦਾਰ ਗੁਰਜੀਤ ਸਿੰਘ ਪੋਨਾ, ਜੱਗਾ ਨੰਬਰਦਾਰ, ਕੌਂਸਲਰ ਪਰਮਿੰਦਰ ਸਿੰਘ ਮੁੱਲਾਂਪੁਰ, ਸੰਦੀਪ ਜੋਧਾਂ, ਸੁੱਖਾ ਕਾਮਰੇਡ, ਬਲਵਿੰਦਰ ਗਰੇਵਾਲ, ਨਿਸ਼ਾਨ ਗਰੇਵਾਲ, ਰਾਜਵੀਰ ਰਾਏਕੋਟ, ਅਕਸ਼ਿਤ ਗਰਗ, ਗੁਰਪ੍ਰੀਤ ਸਦਰਪੁਰਾ ਆਦਿ ਹਾਜ਼ਰ ਸਨ।
Protest Against The Situation In Punjab Youth Congress Demonstrated By Burning The Effigy Of CM Mann