January 9, 2026
Punjab Speaks Team / Panjab
ਚੰਡੀਗੜ੍ਹ, 09 ਜਨਵਰੀ 2026 :- ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਮੁੱਖ ਇੰਜੀਨੀਅਰਿੰਗ ਅਤੇ ਮੈਡੀਕਲ ਸੰਸਥਾਵਾਂ ਵਿੱਚ ਦਾਖਲੇ ਲਈ ਤਿਆਰ ਕਰਨ ਲਈ ਨਵੀਂ ਪਹਿਲ ਸ਼ੁਰੂ ਕਰ ਰਹੀ ਹੈ। ਇਸ ਪਹਿਲਕਦਮੀ ਤਹਿਤ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹ ਰਹੇ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜੇਈਈ ਮੇਨ, ਜੇਈਈ ਐਡਵਾਂਸਡ ਅਤੇ ਨੀਟ ਲਈ ਆਨਲਾਈਨ ਤੇ ਇੰਟਰਐਕਟਿਵ ਕੋਚਿੰਗ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਪ੍ਰੋਗਰਾਮ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਮੌਕੇ ਦੇ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਹ ਨਾ ਸਿਰਫ਼ ਆਨਲਾਈਨ ਕਲਾਸਾਂ ਪ੍ਰਦਾਨ ਕਰੇਗਾ ਬਲਕਿ ਵਿਆਪਕ ਅਕਾਦਮਿਕ ਸਹਾਇਤਾ ਪ੍ਰਣਾਲੀ ਵੀ ਬਣਾਏਗਾ ਜਿਸ ਵਿੱਚ ਢਾਂਚਾਗਤ ਕੋਚਿੰਗ, ਡੈਟਾ-ਅਧਾਰਤ ਮੁਲਾਂਕਣ ਅਤੇ ਤਕਨਾਲੋਜੀ-ਅਧਾਰਤ ਸਹਾਇਤਾ ਸ਼ਾਮਲ ਹੈ, ਜਿਸ ਨਾਲ ਵਧੇਰੇ ਵਿਦਿਆਰਥੀ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋ ਸਕਣਗੇ ਅਤੇ ਸੰਤੁਲਿਤ ਤੇ ਤਣਾਅ-ਮੁਕਤ ਬੋਰਡ ਪ੍ਰੀਖਿਆ ਦੀ ਤਿਆਰੀ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਰਾਜ ਵਿੱਚ 118 ਸਕੂਲ ਆਫ਼ ਐਮੀਨੈਂਸ ਅਤੇ 10 ਮੈਰੀਟੋਰੀਅਸ ਸਕੂਲ ਹਨ। ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ ਵਿੱਚ ਸਥਿਤ ਹਨ। ਇਨ੍ਹਾਂ ਸਕੂਲਾਂ ਵਿੱਚ ਕੁੱਲ 20,925 ਵਿਦਿਆਰਥੀ ਦਾਖਲ ਹਨ, ਜਿਨ੍ਹਾਂ ਵਿੱਚੋਂ 14,037 ਸਕੂਲ ਆਫ਼ ਐਮੀਨੈਂਸ ਅਤੇ 6,888 ਮੈਰੀਟੋਰੀਅਸ ਸਕੂਲਾਂ ਵਿੱਚ ਹਨ। ਇਨ੍ਹਾਂ ਸਕੂਲਾਂ ਵਿੱਚ ਦਾਖਲਾ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾਂਦੀ ਪ੍ਰਵੇਸ਼ ਪ੍ਰੀਖਿਆ ਰਾਹੀਂ ਹੁੰਦਾ ਹੈ।
ਇਸ ਯੋਜਨਾ ਤਹਿਤ ਹਰੇਕ ਵਿਦਿਆਰਥੀ ਦੇ ਪੂਰੇ ਅਕਾਦਮਿਕ ਜੀਵਨ ਚੱਕਰ ਨੂੰ ਸੰਭਾਲਣ ਲਈ ਕੋਚਿੰਗ ਏਜੰਸੀ ਨਿਯੁਕਤ ਕੀਤੀ ਜਾਵੇਗੀ। ਇਸ ਵਿੱਚ ਜਾਗਰੂਕਤਾ ਮੁਹਿੰਮਾਂ, ਬ੍ਰਿਜ ਕੋਰਸ, ਡਾਇਗਨੌਸਟਿਕ ਸਕ੍ਰੀਨਿੰਗ, ਨਿਯਮਤ ਲਾਈਵ ਕੋਚਿੰਗ, ਸ਼ੱਕ ਦਾ ਹੱਲ, ਵਿਅਕਤੀਗਤ ਮਾਰਗਦਰਸ਼ਨ ਅਤੇ ਅੰਤਿਮ ਪ੍ਰੀਖਿਆ ਦੀ ਤਿਆਰੀ ਸ਼ਾਮਲ ਹੋਵੇਗੀ।
ਸ਼ੁਰੂ ਵਿੱਚ ਸਾਰੇ ਸਕੂਲਾਂ ਵਿੱਚ ਓਰੀਐਂਟੇਸ਼ਨ ਵੈਬੀਨਾਰ ਅਤੇ ਕਰੀਅਰ ਕੌਂਸਲਿੰਗ ਸੈਸ਼ਨ ਕੀਤੇ ਜਾਣਗੇ। ਇਸ ਤੋਂ ਬਾਅਦ ਪੇਂਡੂ ਅਤੇ ਪਹਿਲੀ ਪੀੜ੍ਹੀ ਦੇ ਸਿਖਿਆਰਥੀਆਂ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ 9ਵੀਂ ਅਤੇ 10ਵੀਂ ਜਮਾਤ ਲਈ ਤਿੰਨ ਤੋਂ ਚਾਰ ਹਫ਼ਤਿਆਂ ਦਾ ਬ੍ਰਿਜ ਕੋਰਸ ਹੋਵੇਗਾ। ਬ੍ਰਿਜ ਕੋਰਸ ’ਤੇ ਅਧਾਰਤ ਸਕ੍ਰੀਨਿੰਗ ਟੈਸਟ ਕਰਵਾਇਆ ਜਾਵੇਗਾ। 9ਵੀਂ ਅਤੇ 10ਵੀਂ ਜਮਾਤਾਂ ਵਿੱਚ ਰੋਜ਼ਾਨਾ ਡੇਢ ਘੰਟੇ ਦੀਆਂ ਕਲਾਸਾਂ ਹੋਣਗੀਆਂ, ਜਦੋਂ ਕਿ 11ਵੀਂ ਅਤੇ 12ਵੀਂ ਜਮਾਤਾਂ ਵਿੱਚ ਰੋਜ਼ਾਨਾ ਦੋ ਡੇਢ ਘੰਟੇ ਦੇ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਅਤੇ ਜੀਵ ਵਿਗਿਆਨ ਸ਼ਾਮਲ ਹੋਣਗੇ। ਬੈਚ ਦਾ ਆਕਾਰ 150 ਵਿਦਿਆਰਥੀਆਂ ਤੱਕ ਸੀਮਤ ਹੋਵੇਗਾ। ਸਾਰੀਆਂ ਕਲਾਸਾਂ ਰਿਕਾਰਡ ਹੋ ਕੇ 12 ਘੰਟੇ ਦੇ ਅੰਦਰ ਅਪਲੋਡ ਕੀਤੀਆਂ ਜਾਣਗੀਆਂ ਅਤੇ ਸਕੂਲ ਹਾਜ਼ਰੀ ’ਤੇ ਨਿਗਰਾਨੀ ਰੱਖਣਗੇ।
ਵਿਦਿਆਰਥੀਆਂ ਨੂੰ ਈ-ਕਿਤਾਬਾਂ, ਨੋਟਸ, ਨਕਸ਼ੇ, ਹੱਲ ਕੀਤੀਆਂ ਉਦਾਹਰਣਾਂ ਅਤੇ ਪ੍ਰਸ਼ਨ ਬੈਂਕ ਦਿੱਤੇ ਜਾਣਗੇ। ਹਫਤਾਵਾਰੀ ਅਤੇ ਮਾਸਿਕ ਪ੍ਰੀਖਿਆਵਾਂ, ਮੌਕ ਟੈਸਟ, ਵਿਸ਼ਾ-ਵਾਰ ਵਿਸ਼ਲੇਸ਼ਣ ਕੀਤਾ ਜਾਵੇਗਾ•। 10 ਤੋਂ 20 ਦਿਨਾਂ ਦੇ ਗਰਮੀਆਂ ਅਤੇ ਸਰਦੀਆਂ ਦੇ ਅਕਾਦਮਿਕ ਕੈਂਪ ਵੀ ਸਾਲ ਵਿੱਚ ਦੋ ਵਾਰ ਕੀਤੇ ਜਾਣਗੇ। ਪੂਰੇ ਪ੍ਰੋਗਰਾਮ ਦੀ ਨਿਗਰਾਨੀ ਕਰਨ ਲਈ ਰੀਅਲ-ਟਾਈਮ ਡੈਸ਼ਬੋਰਡ ਬਣਾਏ ਜਾਣਗੇ ਅਤੇ ਤਾਲਮੇਲ ਬਣਾਈ ਰੱਖਣ ਲਈ ਹਰੇਕ ਸਕੂਲ ਵਿੱਚ ਨੋਡਲ ਅਧਿਆਪਕ ਨਿਯੁਕਤ ਕੀਤਾ ਜਾਵੇਗਾ।
Big Good News For Government School Children Now Free Online Coaching For JEE NEET Will Be Available