January 12, 2026
Punjab Speaks Team / Panjab
ਚੰਡੀਗੜ੍ਹ, 12 ਜਨਵਰੀ 2026 :- ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਭਾਵੇਂ ਸਰਕਾਰ ਬਣਾਉਣ ਦਾ ਦਮ ਭਰ ਰਹੀ ਹੋਵੇ ਪਰ 30 ਵਿਧਾਨ ਸਭਾ ਸੀਟਾਂ ਅਜਿਹੀਆਂ ਹਨ ਜਿੱਥੇ ਨਾ ਤਾਂ ਕੋਈ ਚਿਹਰਾ ਹੈ ਤੇ ਨਾ ਹੀ ਉੱਥੇ ਉਨ੍ਹਾਂ ਦਾ ਕੋਈ ਨੇਤਾ ਸਰਗਰਮ ਹੈ। ਪਾਰਟੀ ਦੀ ਅੰਦਰੂਨੀ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਉੱਥੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਗੱਲ ਨੂੰ ਸਮਝ ਰਹੇ ਹਨ। ਇਸੇ ਕਾਰਨ ਉਹ 117 ਵਿਧਾਨ ਸਭਾ ਸੀਟਾਂ ਵਿਚੋਂ 70 ਤੋਂ 80 ਸੀਟਾਂ ’ਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੇ ਇੱਛੁਕ ਹਨ ਜਦਕਿ ਹੁਣ ਤੱਕ ਕਾਂਗਰਸ ਸਿਰਫ਼ 10 ਤੋਂ 15 ਫ਼ੀਸਦੀ ਸੀਟਾਂ ’ਤੇ ਹੀ ਨਵੇਂ ਚਿਹਰਿਆਂ ’ਤੇ ਦਾਅ ਖੇਡਦੀ ਸੀ।
ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮੌੜ, ਮਾਨਸਾ, ਦਿੜਬਾ, ਭਦੌੜ, ਅਬੋਹਰ ਸਣੇ 9 ਅਜਿਹੀਆਂ ਸੀਟਾਂ ਹਨ, ਜਿੱਥੇ ਕਾਂਗਰਸ ਦੇ ਕੋਲ ਅੱਜ ਦੀ ਤਰੀਕ ਵਿਚ ਕੋਈ ਚਿਹਰਾ ਨਹੀਂ ਹੈ। 21 ਦੇ ਕਰੀਬ ਅਜਿਹੀਆਂ ਸੀਟਾਂ ਹਨ ਜਿੱਥੇ ਪਾਰਟੀ ਦੇ ਕੋਲ ਚਿਹਰਾ ਤਾਂ ਹੈ ਪਰ ਉਹ ਲੰਬੇ ਸਮੇਂ ਤੋਂ ਸਰਗਰਮ ਨਹੀਂ ਹਨ। ਕਾਂਗਰਸ ਲਈ ਇਹ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਗ਼ੈਰ-ਕਾਂਗਰਸੀ ਆਗੂਆਂ ਵਾਲੀਆਂ ਸੀਟਾਂ ਵਿਚੋਂ ਕਈ ਅਜਿਹੀਆਂ ਵੀ ਹਨ, ਜਿੱਥੇ ਕਾਂਗਰਸ ਜਿੱਤਦੀ ਰਹੀ ਹੈ, ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ ਵਾਲੀ ਸੀਟ ਅੰਮ੍ਰਿਤਸਰ ਈਸਟ, ਚੱਬੇਵਾਲ, ਭੋਆ, ਗੁਰੂ ਹਰਸਹਾਏ, ਬੱਲੂਆਣਾ ਵਰਗੀਆਂ ਸੀਟਾਂ ਵੀ ਹਨ। ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਪਾਰਟੀ ਵਿਚ ਸਰਗਰਮ ਨਹੀਂ ਹਨ। ਉੱਥੇ, ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਸੀ। ਲਗਪਗ ਏਦਾਂ ਦੀ ਹੀ ਸੀਟ ਅਬੋਹਰ ਦੀ ਵੀ ਹੈ। ਜਿੱਥੇ ਸੁਨੀਲ ਜਾਖੜ ਚੋਣ ਜਿੱਤ ਕੇ ਆਉਂਦੇ ਸਨ। 2022 ਵਿਚ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ ਪਰ ਜਾਖੜ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਪਾਰਟੀ ਨੇ ਸੰਦੀਪ ਜਾਖੜ ਨੂੰ ਮੁਅੱਤਲ ਕਰ ਦਿੱਤਾ। ਹੁਣ ਸੰਦੀਪ ਆਪਣੇ ਚਾਚਾ ਦੇ ਨਾਲ ਭਾਜਪਾ ਦੇ ਮੰਚ ’ਤੇ ਖੁੱਲ੍ਹ ਕੇ ਦਿਖਾਈ ਦਿੰਦੇ ਹਨ। ਇਸ ਸੀਟ ’ਤੇ ਵੀ ਕਾਂਗਰਸ ਦੇ ਕੋਲ ਕੋਈ ਚਿਹਰਾ ਨਹੀਂ ਹੈ।
ਕਾਂਗਰਸ ਇਕਜੁੱਟ ਹੋ ਕੇ ਲੜੇਗੀ ਚੋਣ
ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘਾ ਰਾਜਾ ਵੜਿੰਗ ਚਾਹੁੰਦੇ ਹਨ ਕਿ ਵਿਧਾਨ ਸਭਾ ਚੋਣਾਂ ਵਿਚ ਉਹ ਘੱਟ ਤੋਂ ਘੱਟ 70 ਤੋਂ 80 ਨਵੇਂ ਚਿਹਰਿਆਂ ਨੂੰ ਮੌਕਾ ਦੇਣ। ਪਿਛਲੇ ਦਿਨੀਂ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਨੂੰ ਦੁਹਰਾਇਆ ਵੀ ਸੀ। ਵੜਿੰਗ ਦਾ ਕਹਿਣਾ ਸੀ ਕਿ ਜੇਕਰ ਉਹ ਰਾਹੁਲ ਗਾਂਧੀ ਦੇ ਸਾਹਮਣੇ 70 ਤੋਂ 80 ਨਵੇਂ ਚਿਹਰਾਇਆਂ ਦੀ ਲਿਸਟ ਨੂੰ ਰੱਖਣਦੇ ਤਾਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਉਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਵੀ ਲੈਣਗੇ ਪਰ ਉਸ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਕੋਲ ਇੰਨੀਆਂ ਸੀਟਾਂ ਲਈ ਨਵੇਂ ਚਿਹਰੇ ਹੋਣ। ਆਮ ਤੌਰ ’ਤੇ ਕਾਂਗਰਸ ਹਰੇਕ ਚੋਣ ਵਿਚ 10 ਤੋਂ 15 ਫ਼ੀਸਦੀ ਨਵੇਂ ਚਿਹਰਿਆਂ ’ਤੇ ਹੀ ਦਾਅ ਖੇਡਦੀ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਹਾਲੇ ਚੋਣ ਸਾਲ ਚੜ੍ਹਿਆ ਹੈ। ਕਾਂਗਰਸ ਇਕਜੁੱਟ ਹੋ ਕੇ ਚੋਣ ਲੜਨ ਜਾ ਰਹੀ ਹੈ। ਹਾਲੇ ਕਈ ਸਿਆਸੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।
Challenge For Congress No Strong Face On 30 Seats Warring Will Bet On New Leaders