January 15, 2026
Punjab Speaks Team / Panjab
ਬਰਨਾਲਾ, 15 ਜਨਵਰੀ 2026 :- ਆਸਟ੍ਰੇਲੀਆ ‘ਚ ਵਾਪਰੀ ਇੱਕ ਦਰਦਨਾਕ ਘਟਨਾ ਸਬੰਧੀ ਵੱਡੀ ਕਾਰਵਾਈ ਕਰਦਿਆਂ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸੇਵਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਲ ਕਲਾਂ ਵੱਲੋਂ 15 ਜਨਵਰੀ 2026 ਨੂੰ ਐਸ.ਐਸ.ਪੀ. ਬਰਨਾਲਾ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਦੀ ਪੁਲਿਸ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ‘ਚ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਸਰਬਜੀਤ ਸਿੰਘ ਦਾ ਵਿਆਹ ਕਰੀਬ 12–13 ਸਾਲ ਪਹਿਲਾਂ ਸੁਖਜੀਤ ਕੌਰ ਪੁੱਤਰੀ ਰੂਪ ਸਿੰਘ ਵਾਸੀ ਧੂਰਕੋਟ ਰਣਸੀਰ, ਜ਼ਿਲ੍ਹਾ ਮੋਗਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੁਖਜੀਤ ਕੌਰ ਵੱਲੋਂ ਆਈਲੈਟਸ ਪਾਸ ਕਰਨ ਉਪਰੰਤ ਦੋਵੇਂ ਪਤੀ-ਪਤਨੀ ਆਸਟ੍ਰੇਲੀਆ ਚਲੇ ਗਏ, ਜਿੱਥੇ ਉਨ੍ਹਾਂ ਦੇ ਦੋ ਬੱਚੇ ਪੈਦਾ ਹੋਏ। ਸ਼ਿਕਾਇਤ ਅਨੁਸਾਰ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਸੁਖਜੀਤ ਕੌਰ ਨੇ ਸਰਬਜੀਤ ਸਿੰਘ ਨੂੰ ਭਰੋਸੇ ਵਿੱਚ ਲੈ ਕੇ ਵੀਜ਼ਾ ਸਬੰਧੀ ਕਾਗਜ਼ਾਤ ’ਤੇ ਦਸਤਖ਼ਤ ਕਰਵਾਏ। ਬਾਅਦ ਵਿੱਚ 2025 ਦੀ ਸ਼ੁਰੂਆਤ ਵਿੱਚ ਇਮੀਗ੍ਰੇਸ਼ਨ ਇੰਟਰਵਿਊ ਦੇ ਬਹਾਨੇ ਉਸ ਨੂੰ ਡਿਟੇਨਸ਼ਨ ਸੈਂਟਰ ਭੇਜ ਦਿੱਤਾ ਗਿਆ, ਜਿੱਥੇ ਸਰਬਜੀਤ ਨੂੰ ਇਹ ਜਾਣਕਾਰੀ ਮਿਲੀ ਕਿ ਉਸ ਦੀ ਪਤਨੀ ਨੇ ਹੀ ਉਸ ਨੂੰ ਆਸਟ੍ਰੇਲੀਆ ਤੋਂ ਭਾਰਤ ਵਾਪਸ ਭੇਜਣ ਲਈ ਅਰਜ਼ੀ ਦਿੱਤੀ ਸੀ। ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸੁਖਜੀਤ ਕੌਰ ਨੇ ਸਰਬਜੀਤ ਸਿੰਘ ਦੇ ਨਾਲ ਸਾਂਝੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲਈ ਤੇ ਉਸ ਦੀਆਂ ਗੱਡੀਆਂ ਤੇ ਨਿੱਜੀ ਮਕਾਨ ਵੀ ਆਪਣੇ ਨਾਮ ਕਰਵਾ ਲਏ। ਜਦੋਂ ਸਰਬਜੀਤ ਨੇ ਆਪਣੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਿਸ ਰਾਹੀਂ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸ਼ਿਕਾਇਤ ਮੁਤਾਬਕ ਪਤਨੀ ਸੁਖਜੀਤ ਕੌਰ ਤੋਂ ਇਲਾਵਾ ਉਸ ਦੀ ਸੱਸ ਇੰਦਰਜੀਤ ਕੌਰ, ਸਾਲੀ ਹਰਜੀਤ ਕੌਰ, ਸਾਲਾ ਜਸਦੀਪ ਸਿੰਘ ਅਤੇ ਤਾਇਆ ਸਹੁਰਾ ਬੂਟਾ ਸਿੰਘ ਵੱਲੋਂ ਸਰਬਜੀਤ ਸਿੰਘ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਤੰਗ ਤੇ ਜਲੀਲ ਕੀਤਾ ਜਾਂਦਾ ਰਿਹਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 27 ਸਤੰਬਰ 2025 ਨੂੰ ਉਸ ਦੀ ਆਖ਼ਰੀ ਵਾਰ ਪੁੱਤਰ ਸਰਬਜੀਤ ਨਾਲ ਗੱਲਬਾਤ ਹੋਈ ਸੀ, ਜਿਸ ਦੌਰਾਨ ਉਹ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਤਸ਼ੱਦਦ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਿਹਾ ਸੀ। ਇਸ ਲਗਾਤਾਰ ਮਾਨਸਿਕ ਤਣਾਅ ਦੇ ਚਲਦਿਆਂ ਹੀ ਸਰਬਜੀਤ ਸਿੰਘ ਸੇਵਾ ਨੇ ਉਸੇ ਦਿਨ ਆਸਟ੍ਰੇਲੀਆ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਪੜਤਾਲ ਅਤੇ ਡੀ.ਏ. ਲੀਗਲ ਦੀ ਕਾਨੂੰਨੀ ਰਾਇ ਅਨੁਸਾਰ ਭਾਵੇਂ ਇਹ ਘਟਨਾ ਵਿਦੇਸ਼ ਵਿੱਚ ਵਾਪਰੀ ਹੈ, ਪਰ ਮ੍ਰਿਤਕ ਅਤੇ ਦੋਸ਼ੀ ਭਾਰਤੀ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਖ਼ਿਲਾਫ਼ ਭਾਰਤੀ ਕਾਨੂੰਨ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਅਧਾਰ ’ਤੇ ਥਾਣਾ ਮਹਿਲ ਕਲਾਂ ਵਿੱਚ ਪਤਨੀ ਸੁਖਜੀਤ ਕੌਰ ਸਮੇਤ ਪੰਜਾਂ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 108 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਪਰਚਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਵਿੱਚ ਦੂਜੀ ਧਿਰ, ਯਾਨੀ ਮ੍ਰਿਤਕ ਦੇ ਸਹੁਰੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਦਾ ਕੋਈ ਅਧਿਕਾਰਤ ਪੱਖ ਸਾਹਮਣੇ ਨਹੀਂ ਆਇਆ।
FIR Registered Against 5 Members Of In laws Including Wife In Suicide Case Of Punjabi Youth In Australia