January 20, 2026
Punjab Speaks Team / Panjab
ਜਲੰਧਰ, 20 ਜਨਵਰੀ 2026 :- ਮਾਂ ਬੋਲੀ ਪੰਜਾਬੀ ਦੀ ਝੋਲੀ ਲੋਕ ਗੀਤ, ਕਵਿਤਾਵਾਂ, ਗ਼ਜ਼ਲਾਂ ਤੇ ਧਾਰਮਿਕ ਗੀਤਾਂ ਨਾਲ ਭਰਨ ਵਾਲੇ ਮਹਾਨ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਯਾਦਗਾਰ ਉਸਾਰਣ ਲਈ ਰੱਖਿਆ ਗਿਆ ਨੀਂਹ ਪੱਥਰ ਤੇ ਪਾਰਕ ’ਚ ਲਾਉਣ ਲਈ ਤਿਆਰ ਕੀਤਾ ਗਿਆ ਪੱਥਰ ਦਾ ਬੁੱਤ ਪਿਛਲੇ ਦੋ ਦਹਾਕਿਆਂ ਦੀ ਉਡੀਕ ’ਚ ਖਾਲੀਪਣ ਦਾ ਸ਼ਿਕਾਰ ਹੋ ਕੇ ਪਥਰਾਏ ਹੋਏ ਜਾਪ ਰਹੇ ਹਨ। ਹਾਲਾਂਕਿ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਵਿਸਾਰ ਦਿੱਤੇ ਗਏ ਮਾਂ ਬੋਲੀ ਦੇ ਮਾਣ ਇਸ ਮਹਾਨ ਗੀਤਕਾਰ ਦੇ ਪਰਿਵਾਰਕ ਮੈਂਬਰ ਤੇ ਮੁਹੱਲਾ ਵਾਸੀ ਅੱਜ ਵੀ ਉਨ੍ਹਾਂ ਵੱਲੋਂ ਗਾਏ ਗੀਤਾਂ, ਕਵਿਤਾਵਾਂ ਤੇ ਗ਼ਜ਼ਲਾਂ ਨੂੰ ਗੁਣਗੁਣਾਉਂਦੇ ਹੋਏ ਨੰਦ ਲਾਲ ਨੂਰਪੁਰੀ ਨੂੰ ਦਿਲਾਂ ’ਚ ਵਸਾਈ ਬੈਠੇ ਹਨ। ਇਸ ਗੀਤਕਾਰ ਵੱਲੋਂ ਸਾਹਿਤ ਦੀ ਝੋਲੀ ’ਚ ਪਾਏ ਗਏ ਸਦਾਬਹਾਰ ਗੀਤ ‘ਗੋਰੀ ਦੀਆ ਝਾਂਜਰਾਂ ਬੁਲਾਉਂਦੀਆਂ ਗਈਆਂ’, ‘ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ’ ਅਤੇ ‘ਦਾਤਾ ਦੀਆਂ ਬੇਪਰਵਾਹੀਆਂ’ ਸਦਕਾ ਅੱਜ ਵੀ ਉਹ ਲੋਕਾਂ ਦੇ ਦਿਲਾਂ ’ਚ ਵਸਦੇ ਹਨ।
ਨੂਰਪੁਰੀ ਦੇ ਲਿਖੇ ਗੀਤਾਂ ਨੂੰ ਮਹਾਨ ਗਾਇਕ ਮੁਹੰਮਦ ਰਫ਼ੀ ਤੇ ਗਾਇਕਾਵਾਂ ਨਰਿੰਦਰ ਬੀਬਾ, ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਦਿੱਤੀ ਤੇ ਗਾਇਕੀ ਦੇ ਸਿਖ਼ਰਾਂ ’ਤੇ ਪਹੁੰਚੇ ਪਰ ਅੱਜ ਨਾ ਸਿਰਫ਼ ਨੰਦ ਲਾਲ ਨੂਰਪੁਰੀ ਬਲਕਿ ਇਸ ਮਹਾਨ ਸ਼ਾਇਰ ਦਾ ਪਰਿਵਾਰ ਵੀ ਗੁਮਨਾਮੀ ਤੇ ਗ਼ੁਰਬਤ ਦੇ ਹਨੇਰੇ ’ਚ ਗੁਆਚਿਆ ਹੋਇਆ ਹੈ। ਇਸ ਮਹਾਨ ਸ਼ਾਇਰ ਦੀ ਵੱਡੀ ਨੂੰਹ ਸੁਦੇਸ਼ ਕੁਮਾਰੀ ਤੇ ਛੋਟੀ ਨੂੰਹ ਸੁਖਜਿੰਦਰ ਕੌਰ ਨੇ ਦੱਸਿਆ ਕਿ 31 ਜੁਲਾਈ 2006 ’ਚ ਤਤਕਾਲੀਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਨੰਦ ਲਾਲ ਨੂਰਪੁਰੀ ਸਮਾਰਕ ਬਣਾਉਣ ਲਈ ਉਸੇ ਖੂਹ ਵਾਲੀ ਥਾਂ ਜਿੱਥੇ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਸੀ, ’ਤੇ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਹੀ ਮਰਹੂਮ ਸ਼ਾਇਰ ਦਾ ਬੁੱਤ ਵੀ ਤਿਆਰ ਕਰਵਾਇਆ ਸੀ ਜੋ ਕਿ ਨੰਦ ਲਾਲ ਨੂਰਪੁਰੀ ਪਾਰਕ ’ਚ ਲਾਇਆ ਜਾਣਾ ਸੀ।
ਇਹ ਵੀ ਪੜ੍ਹੋ
ਪਿੰਡ ਦੇ ਪਹਿਰੇਦਾਰ ਨੂੰ ਪਿੰਡਾਂ ‘ਚ ਮਿਲ ਰਿਹਾ ਭਰਪੂਰ ਸਮਰਥਨ : ਚੰਨੀ
ਦੋਵਾਂ ਨੂੰਹਾਂ ਨੇ ਬੜੇ ਹੀ ਭਰੇ ਮਨ ਨਾਲ ਕਿਹਾ ਕਿ ਇਸ ਨੀਂਹ ਪੱਥਰ ਨੂੰ ਰੱਖੇ ਹੋਏ ਕਰੀਬ 20 ਸਾਲ ਹੋ ਗਏ ਹਨ ਪਰ ਚੌਧਰੀ ਜਗਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਇਲਾਕੇ ਦੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੇ ਸਮਾਰਕ ਦੀ ਉਸਾਰੀ ’ਤੇ ਧਿਆਨ ਨਹੀਂ ਦਿੱਤਾ। ਹੌਲ਼ੀ-ਹੌਲ਼ੀ ਉਕਤ ਥਾਂ ’ਤੇ ਮੁਹੱਲਾ ਵਾਸੀਆਂ ਨੇ ਬੱਚਿਆਂ ਲਈ ਖੇਡਣ ਦੀ ਥਾਂ ਬਣਾ ਲਈ ਅਤੇ ਕੁਝ ਥਾਂ ’ਤੇ ਆਸ-ਪਾਸ ਦੇ ਲੋਕਾਂ ਨੇ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਬਣਾ ਲਈ। ਸਮਾਰਕ ਲਈ ਰੱਖੇ ਗਏ ਨੀਂਹ ਪੱਥਰ ਦੀਆਂ ਹੁਣ ਇੱਟਾਂ ਵੀ ਭੁਰਨੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਬੁੱਤ ਘਰ ਦੇ ਇਕ ਕੋਨੇ ’ਚ ਪਿਆ ਹੋਇਆ ਹੈ। ਪਰਿਵਾਰ ਦੇ ਨਾਲ-ਨਾਲ ਪੱਥਰ ਦਾ ਇਹ ਬੁੱਤ ਵੀ ਮਹਾਨ ਸ਼ਾਇਰ ਵੱਲੋਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਏ ਗਏ ਮਹਾਨ ਸਾਹਿਤਕ ਵਿਰਸੇ ਦੇ ਕਦਰਦਾਨ ਦੀ ਉਡੀਕ ਕਰ ਰਿਹਾ ਹੈ। ਇਲਾਕੇ ’ਚ ਨੰਦ ਲਾਲ ਨੂਰਪੁਰੀ ਦੇ ਨਾਂ ’ਤੇ ਬਣਾਇਆ ਗਿਆ ਪਾਰਕ ਵੀ ਕੂੜੇ ਦਾ ਡੰਪ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਲਗਦਾ ਹੈ ਕਿ ਇਸ ਸ਼ਾਇਰ ਦੇ ਨਾਲ ਹੀ ਇਸ ਪਾਰਕ ਨੂੰ ਵੀ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਪਾਰਕ ਦੀ ਮੰਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਗੇਟ ’ਤੇ ਲਿਖਿਆ ਨੰਦ ਲਾਲ ਨੂਰਪੁਰੀ ਦਾ ਨਾਂ ਵੀ ਅਧੂਰਾ ਰਹਿ ਗਿਆ ਹੈ। ਮੁਹੱਲਾ ਵਾਸੀਆਂ ਮੁਤਾਬਕ ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਆਸ-ਪਾਸ ਦੇ ਲੋਕ ਵੀ ਇੱਥੇ ਆਉਣ ਤੋਂ ਪਾਸਾ ਵੱਟਦੇ ਹਨ।
ਨੂਰਪੁਰੀ ਦੀ ਮੂੰਹ ਭਾਰ ਖੂਹ ’ਚ ਪਈ ਦੇਹ ਅੱਜ ਵੀ ਨਹੀਂ ਭੁੱਲਦੀ
ਪੰਜਾਬੀ ਮਾਂ-ਬੋਲੀ ਦੀ ਇੰਨੀ ਸੇਵਾ ਕਰਨ ਵਾਲੇ ਇਸ ਮਹਾਨ ਸ਼ਾਇਰ ਨੂੰ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ’ਚ ਬੇਹੱਦ ਗ਼ਰੀਬੀ ਤੇ ਤੰਗੀ ਦਾ ਸਾਹਮਣਾ ਕਰਨਾ ਪਿਆ। ਅਖ਼ੀਰ 13 ਮਈ 1966 ਨੂੰ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਮਾਡਲ ਹਾਊਸ ਸਥਿਤ ਆਪਣੇ ਘਰ ਨੇੜੇ ਵਿਰਾਨ ਪਏ ਖੂਹ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਖੂਹ ਦੇ ਐਨ ਸਾਹਮਣੇ ਘਰ ’ਚ ਰਹਿਣ ਵਾਲੀ ਗੁਰਬਚਨ ਕੌਰ ਨੇ ਦੱਸਿਆ ਕਿ ਜਦੋਂ ਉਸ ਰਾਤ ਨੂਰਪੁਰੀ ਜੀ ਨੇ ਜਾਨ ਦਿੱਤੀ ਸੀ ਤਾਂ ਉਹ ਆਪਣੇ ਘਰ ਅੰਦਰ ਪੜ੍ਹ ਰਹੀ ਸੀ। ਇਕਦਮ ਖੂਹ ’ਚ ਕੁਝ ਭਾਰੀ ਚੀਜ਼ ਡਿੱਗਣ ਦੀ ਆਵਾਜ਼ ਆਈ ਪਰ ਰਾਤ ਜ਼ਿਆਦਾ ਹੋਣ ਕਰਕੇ ਕਿਸੇ ਨੇ ਵੀ ਦੇਖਣ ਦਾ ਯਤਨ ਨਹੀਂ ਕੀਤਾ। ਸਵੇਰ ਚੜ੍ਹਦਿਆਂ ਹੀ ਮੁਹੱਲੇ ’ਚ ਉਨ੍ਹਾਂ ਦੇ ਖ਼ੁਦਕੁਸ਼ੀ ਕਰਨ ਬਾਰੇ ਪਤਾ ਲੱਗਣ ’ਤੇ ਸੋਗ ਦੀ ਲਹਿਰ ਦੌੜ ਗਈ। ਗੁਰਬਚਨ ਕੌਰ ਨੇ ਦੱਸਿਆ ਕਿ ਉਸ ਨੇ ਖ਼ੁਦ ਜਾ ਕੇ ਦੇਖਿਆ ਸੀ ਕਿ ਨੰਦ ਲਾਲ ਨੂਰਪੁਰੀ ਜੀ ਦੀ ਮ੍ਰਿਤਕ ਦੇਹ ਮੂੰਹ ਭਾਰ ਪਈ ਹੋਈ ਸੀ ਅਤੇ ਪਿੱਠ ਉੱਪਰ ਵੱਲ ਨੂੰ ਸੀ। ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਕਤ ਖੂਹ ’ਤੇ ਜਿਹੜਾ ਰੁੱਖ ਹੈ, ਉਹ ਇੰਝ ਜਾਪਦਾ ਹੈ ਜਿਵੇਂ ਨੰਦ ਲਾਲ ਨੂਰਪੁਰੀ ਦੀ ਪਿੱਠ ’ਤੇ ਉੱਗਿਆ ਹੋਵੇ।
An Unfulfilled Dream For 20 Years The Memorial Of The King Of Songs Nand Lal Nurpuri Is Still Waiting Even The Foundation Bricks Have Started To Fall