January 21, 2026
Punjab Speaks Team / Panjab
ਚੰਡੀਗੜ੍ਹ, 21 ਜਨਵਰੀ 2026 :- ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਹੋਣ ਦੀ ਬਜਾਏ ਵੱਧਦੀ ਜਾ ਰਹੀ ਹੈ। ਦਿੱਲੀ ਹਾਈ ਕਮਾਨ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੀਟਿੰਗ ਕੀਤੀ ਗਈ ਹੈ। ਦੋਵਾਂ ਆਗੂਆਂ ਦਰਮਿਆਨ ਮੀਟਿੰਗ ਰਾਜਾ ਵੜਿੰਗ ਦੀ ਰਿਹਾਇਸ਼ ’ਤੇ ਕੀਤੀ ਗਈ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਆਗੂਆਂ ਨੂੰ ਅਹੁਦੇ ਨਾ ਦੇਣ ਦਾ ਮੁੱਦਾ ਚੁੱਕਿਆ ਸੀ, ਜਿਸ ਨਾਲ ਪਾਰਟੀ ਵਿਚ ਜੱਟ ਅਤੇ ਦਲਿਤ ਭਾਈਚਾਰਾ ਦੇ ਆਗੂਆਂ ਵਿਚਕਾਰ ਲਕੀਰ ਖਿੱਚੀ ਗਈ ਹੈ। ਚੰਨੀ ਦਾ ਸਮੱਰਥਨ ਕਰਨ ਵਾਲੇ ਵਿਧਾਇਕਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਕੁਝ ਵੀ ਗਲਤ ਨਹੀਂ ਕਿਹਾ ਪਰ ਉਨ੍ਹਾਂ ਨੂੰ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਜਦਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਹਰ ਘਰ ਵਿਚ ਭਾਂਡੇ ਖੜਕਦੇ ਹੁੰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਚੰਨੀ ਦਾ ਨਾਂ ਲਏ ਬਗੈਰ ਕਿਹਾ ਕਿ ਜਾਤੀ ਦੀ ਅੱਗ ਨਾਲ ਖੇਡਣ ਵਾਲਾ ਖੁਦ ਉਸੇ ਅੱਗ ਵਿਚ ਸੜ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਫੈਸਲਾ ਕਰਨਾ ਹੈ ਕਿ ਅਗਲੀਆਂ ਚੋਣਾਂ ਮੁੱਖ ਮੰਤਰੀ ਦੇ ਚਿਹਰੇ ਨਾਲ ਲੜਨੀਆਂ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਈ ਰਾਜਾਂ ਵਿਚ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਚੋਣਾਂ ਲੜੀਆਂ ਹਨ। ਕੀ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣਾਂ ਲੜਨ ਦਾ ਕੋਈ ਫਾਇਦਾ ਹੋਇਆ ਹੈ? ਚੰਨੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈ ਕਮਾਨ ਨੂੰ ਆਪਣੇ ਵਿਚਾਰ ਪੇਸ਼ ਕਰਨਗੇ।
ਉਧਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਚੰਨੀ ਅਜਿਹੀ ਟਿੱਪਣੀ ਨਹੀਂ ਕਰਦੇ ਅਤੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਸਵਾਲ ਕੀਤਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਆਪਸ ਵਿਚ ਨਹੀਂ ਮਿਲਦੇ ਤਾਂ ਪੱਤਰਕਾਰ ਇਸ ਬਾਰੇ ਸਵਾਲ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੋਈ ਧੜੇਬਾਜ਼ੀ ਨਹੀਂ ਹੈ। ਰੰਧਾਵਾ ਨੇ ਮੁੱਖ ਮੰਤਰੀ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਗੈਂਗਸਟਰਾਂ ਨੂੰ ਉਤਸ਼ਾਹਿਤ ਕੀਤਾ ਹੈ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਗੈਂਗਸਟਰ ਨਿਡਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਨੂੰ ਨਕੇਲ ਪਾਉਣ ਵਿਚ ਫੇਲ੍ਹ ਸਾਬਤ ਹੋਈ ਹੈ।
ਵਰਨਣਯੋਗ ਹੈ ਕਿ ਸ਼ਨਿਚਰਵਾਰ ਨੂੰ ਪਾਰਟੀ ਦੇ ਐੱਸਸੀ ਵਿੰਗ ਦੀ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਮੁੱਦਾ ਉਠਾਇਆ ਸੀ ਕਿ ਪ੍ਰਧਾਨ, ਵਿਰੋਧੀ ਧਿਰ ਦਾ ਨੇਤਾ, ਮਹਿਲਾ ਵਿੰਗ ਸਮੇਤ ਹੋਰ ਵਿੰਗਾਂ ਦੇ ਅਹੁਦੇ ਜਨਰਲ ਵਰਗੇ ਦੇ ਆਗੂਆਂ ਨੂੰ ਦਿੱਤੇ ਹੋਏ ਹਨ ਜਦਕਿ ਸੂਬੇ ਵਿਚ ਦਲਿਤਾਂ ਦੀ 34 ਫੀਸਦੀ ਅਬਾਦੀ ਹੈ। ਮਾਝਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੀ ਮੀਟਿੰਗ ਵਿਚ ਅਜਿਹੀ ਗੱਲ ਕੀਤੀ ਹੈ ਅਤੇ ਉਸ ਨੇ ਕੁਝ ਗਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਬਿਆਨ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ।
Internal Tension In Congress Intensifies Factionalism Opens After Channi s Statement Important Meeting Of Warring Randhawa