January 22, 2026
Punjab Speaks Team / Panjab
ਚੰਡੀਗੜ੍ਹ, 22 ਜਨਵਰੀ 2026 :- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬਾ ਸਰਕਾਰ ਪਿੰਡਾਂ ’ਚ 3,100 ਆਧੁਨਿਕ ਖੇਡ ਮੈਦਾਨ ਤਿਆਰ ਕਰ ਰਹੀ ਹੈ। ਇਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚੋਂ ਕੱਢ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਇਨ੍ਹਾਂ ਖੇਡ ਮੈਦਾਨਾਂ ਦੀ ਪ੍ਰਗਤੀ ਤੇ ਗੁਣਵੱਤਾ ਨੂੰ ਲੈ ਕੇ ਸਰਕਾਰ ਕੋਈ ਵੀ ਸਮਝੌਤਾ ਨਹੀਂ ਕਰੇਗੀ। ਇਹ ਗੱਲ ਬੁੱਧਵਾਰ ਨੂੰ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਹੀ।
ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਰਕਾਰ ਨੇ ਤਿੰਨ ਵਿਸ਼ੇਸ਼ ਫਲਾਇੰਗ ਸਕੁਆਇਡ ਤਾਇਨਾਤ ਕੀਤੇ ਹਨ। ਇਹ ਟੀਮਾਂ ਸਰਕਾਰ ਦੀਆਂ ਅੱਖਾਂ ਤੇ ਕੰਨ ਦੇ ਰੂਪ ’ਚ ਕੰਮ ਕਰਨਗੀਆਂ ਤੇ ਵੱਖ-ਵੱਖ ਪਿੰਡਾਂ ’ਚ ਜਾ ਕੇ ਜ਼ਮੀਨੀ ਪੱਧਰ ’ਤੇ ਜਾਂਚ ਕਰਨਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਸਿਰਫ਼ ਕਾਗ਼ਜ਼ੀ ਕਾਰਵਾਈ ਨਹੀਂ ਚੱਲੇਗੀ, ਜ਼ਮੀਨ ’ਤੇ ਕੰਮ ਦੀ ਗੁਣਵੱਤਾ ਦਿਸਣੀ ਲਾਜ਼ਮੀ ਹੈ। ਖੇਡ ਮੈਦਾਨਾਂ ਦੀ ਜ਼ਮੀਨੀ ਰਿਪੋਰਟ ਲਈ ਅਸੀਂ ਇਕ ਐੱਮਆਈਐੱਸ ਪੋਰਟਲ ਤਿਆਰ ਕੀਤਾ ਹੈ, ਜਿਸ ਵਿਚ ਸਬੰਧਤ ਅਧਿਕਾਰੀ ਨੂੰ ਵਿਕਾਸ ਕਾਰਜਾਂ ਦੀ ਹਰ 15 ਦਿਨਾਂ ’ਚ ਫੋਟੋ ਤੇ ਜਿਓ ਟੈਗਿੰਗ ਦੇ ਨਾਲ ਰਿਪੋਰਟ ਭੇਜਣੀ ਪਵੇਗੀ।
ਸੌਂਧ ਨੇ ਸਪੱਸ਼ਟ ਕੀਤਾ ਕਿ ਜਿੱਥੇ ਵੀ ਝੂਠੀ ਰਿਪੋਰਟਿੰਗ ਜਾਂ ਕੰਮ ’ਚ ਲਾਪਰਵਾਹੀ ਪਾਈ ਗਈ, ਉੱਥੇ ਤੁਰੰਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਬਰਾਬਰ ਤਕਨੀਕੀ ਸਟੈਂਡਰਡ ਲਾਗੂ ਕੀਤੇ ਗਏ ਹਨ। ਕੰਮ ਦੀ ਨਿਗਰਾਨੀ ਲਈ ਤੀਜੀ ਧਿਰ (ਥਰਡ ਪਾਰਟੀ) ਦੇ ਟੈਕਨੋ-ਫਾਈਨਾਂਸ਼ੀਅਲ ਆਡਿਟ ਦੀ ਮਦਦ ਲਈ ਜਾ ਰਹੀ ਹੈ। ਸਰਕਾਰੀ ਪੈਸੇ ਦੀ ਇਕ-ਇਕ ਪਾਈ ਦਾ ਹਿਸਾਬ ਰੱਖਿਆ ਜਾ ਰਿਹਾ ਹੈ ਤਾਂ ਜੋ ਪੇਂਡੂ ਪੰਜਾਬ ਨੂੰ ਵਰਲਡ ਕਲਾਸ ਬੁਨਿਆਦੀ ਢਾਂਚਾ ਮਿਲ ਸਕੇ। ਵਿਰੋਧੀ ਧਿਰ ਵਲੋਂ ਚੁੱਕੇ ਜਾ ਰਹੇ ਸਵਾਲਾਂ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਮਾਨਦਾਰ ਅਧਿਕਾਰੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਸਜ਼ਾ ਸਿਰਫ਼ ਉਨ੍ਹਾਂ ਨੂੰ ਮਿਲੇਗੀ ਜਿਹੜੇ ਗ਼ਲਤ ਰਿਪੋਰਟਿੰਗ ਜਾਂ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣਗੇ। ਅਸੀਂ ਜਵਾਬਦੇਹੀ ਨੂੰ ਨਿੱਜੀ ਨਹੀਂ, ਬਲਕਿ ਪ੍ਰਣਾਲੀਗਤ ਬਣਾ ਦਿੱਤਾ ਹੈ।
ਸਰਪੰਚ, ਗ੍ਰਾਮ ਪੰਚਾਇਤ ਤੇ ਖੇਡ ਕਲੱਬਾਂ ਤੋਂ ਵੀ ਲਿਆ ਜਾ ਰਿਹਾ ਹੈ ਸਹਿਯੋਗ
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ’ਚ ਬਣ ਰਹੇ ਆਧੁਨਿਕ ਖੇਡ ਮੈਦਾਨਾਂ ਲਈ ਸਰਪੰਚਾਂ, ਗ੍ਰਾਮ ਪੰਚਾਇਤਾਂ ਤੇ ਸਥਾਨਕ ਖੇਡ ਕਲੱਬਾਂ ਨੂੰ ਵੀ ਮਹੱਤਵਪੂਰਣ ਹਿੱਸੇਦਾਰ ਬਣਾਇਆ ਗਿਆ ਹੈ। ਇਹ ਸਾਰੇ ਇਸ ਪ੍ਰੋਜੈਕਟ ’ਚ ਸਿਰਫ਼ ਦਰਸ਼ਕ ਨਹੀਂ, ਬਲਕਿ ਸਾਡੇ ਸਾਥੀ ਹਨ ਜਿਹੜੇ ਪਿੰਡ ਦੇ ਵਿਕਾਸ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੋਹਰਾਇਆ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਤੇ ਜਨਤਾ ਦੇ ਪੈਸੇ ਦੀ ਸੁਰੱਖਿਆ ਲਈ ਵਚਨਬੱਧ ਹੈ।
ਇਹ ਨਵਾਂ ਪੰਜਾਬ ਹੈ, ਜਿੱਥੇ ਖੇਡ ਮੈਦਾਨ ਬਣਨਗੇ ਵੀ ਤੇ ਉਨ੍ਹਾਂ ਦੇ ਹਰ ਇੰਚ ਦੀ ਨਿਗਰਾਨੀ ਵੀ ਹੋਵੇਗੀ। ਸਰਕਾਰ ਦਾ ਟੀਚਾ ਸਿਰਫ਼ ਮੈਦਾਨ ਬਣਾਉਣਾ ਨਹੀਂ, ਬਲਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਸ਼ਨ ਤੇ ਸਿਹਤਮੰਦ ਭਵਿੱਖ ਦੇਣਾ ਵੀ ਹੈ।
Punjab Government s Big Plan 3 100 Modern Playgrounds To Be Built In Villages To Keep Youth Away From Drugs