February 12, 2026
Punjab Speaks Team / Panjab
ਪਟਿਆਲਾ, 12 ਫਰਵਰੀ 2026 :-ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਜੇਲ੍ਹ ’ਚ ਬੰਦ ਸਾਥੀਆਂ ਦੀ ਰਿਹਾਈ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਬੁੱਧਵਾਰ ਦੁਪਹਿਰ 12 ਵਜੇ ਅਚਾਨਕ ਪੂਰੇ ਸੂਬੇ ’ਚ ਹੜਤਾਲ ਦਾ ਐਲਾਨ ਕਰ ਦਿੱਤਾ। ਮੁਲਾਜ਼ਮਾਂ ਨੇ ਬੱਸ ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਸ ਦੌਰਾਨ ਬੱਸ ਸਟੈਂਡ ’ਚ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਉਠਾਉਣੀ ਪਈ। ਯਾਤਰੀਆਂ ਨੂੰ ਮਜਬੂਰਨ ਪ੍ਰਾਈਵੇਟ ਬੱਸਾਂ ਵੱਲ ਰੁਖ਼ ਕਰਨਾ ਪਿਆ। ਹੜਤਾਲ ਨਾਲ ਸੂਬੇ ਭਰ ’ਚ 50 ਤੋਂ ਵੱਧ ਰੂਟ ਪ੍ਰਭਾਵਿਤ ਹੋਏ। ਕਰੀਬ ਛੇ ਘੰਟੇ ਦੀ ਹੜਤਾਲ ਕਾਰਨ 70 ਫੀ਼ਸਦੀ ਬੱਸ ਸਰਵਿਸ ਠੱਪ ਰਹੀ। ਉਥੇ ਹੜਤਾਲ ਤੋਂ ਬਾਅਦ ਪੀਆਰਟੀਸੀ ਪ੍ਰਸ਼ਾਸਨ ਨੇ ਕੰਟਰੈਕਟ ਵਰਕਰਜ਼ ਯੂਨੀਅਨ ਨੂੰ ਮੀਟਿੰਗ ਲਈ ਬੁਲਾਇਆ ਪਰ ਗੱਲ ਨਹੀਂ ਬਣੀ। ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਕਿਹਾ ਕਿ ਸੈਕ੍ਰੇਟਰੀ ਟਰਾਂਸਪੋਰਟ ਨਾਲ ਮੀਟਿੰਗ ਹੋਈ ਹੈ। ਮੀਟਿੰਗ ’ਚ ਦਸ ਮੁਲਾਜ਼ਮਾਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਲਈ ਯੂਨੀਅਨ ਨੇ ਅਗਲੇ ਦਿਨਾਂ ’ਚ ਵੀ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ।
Punjab Roadways And PRTC Strike Continues Bus Services Remain Suspended Today