February 18, 2026
Punjab Speaks Team / Panjab
ਚੰਡੀਗੜ੍ਹ, 18 ਫਰਵਰੀ 2026 :- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਦਾ ਬਜਟ ਵੀ ਪਿਛਲੇ ਬਜਟਾਂ ਵਾਂਗ ਲੋਕ ਪੱਖੀ ਹੋਵੇਗਾ। ਬਜਟ ’ਚ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ’ਚ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਸ਼ਾਮਲ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਆਖ਼ਰੀ ਬਜਟ ਤੋਂ ਪਹਿਲਾਂ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਹਾ ਕਿ ਸਰਕਾਰ ਦਾ ਪੰਜਵਾਂ ਬਜਟ ਵੀ ਪਹਿਲੇ ਬਜਟ ਵਾਂਗ ਲੋਕ ਪੱਖੀ ਹੋਵੇਗਾ। ਪਹਿਲੇ ਚਾਰ ਬਜਟਾਂ ਵਾਂਗ ਇਸ ’ਚ ਨਵਾਂ ਟੈਕਸ ਲਾ ਕੇ ਲੋਕਾਂ ’ਤੇ ਕਿਸੇ ਤਰ੍ਹਾਂ ਦਾ ਵਾਧੂ ਬੋਝ ਨਹੀਂ ਪਾਇਆ ਜਾਵੇਗਾ। ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾ ਔਰਤਾਂ ਨੂੰ ਦਿੱਤੀ ਗਈ ਹਜ਼ਾਰ ਰੁਪਏ ਦੇਣ ਦੀ ਗਰੰਟੀ ਬਾਰੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਤੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਵਾਲੀ ਗਾਰੰਟੀ ਵੀ ਇਸ ਬਜਟ ’ਚ ਪੂਰੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਅਧੂਰੇ ਕੰਮ ਪੂਰੇ ਕਰਨ ਦੇ ਵੀ ਉਪਰਾਲੇ ਕੀਤੇ ਜਾਣਗੇ।
ਗਿਆਣੀਆਂ ਸਰਕਾਰ ਦੀਆਂ ਪ੍ਰਾਪਤੀਆਂ
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੀ ਸਰਕਾਰ ਨੇ ਇਤਿਹਾਸਕ ਫ਼ੈਸਲੇ ਲਏ ਹਨ। ਨੌਜਵਾਨਾਂ ਨੂੰ 63 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਪਰਵਾਸ ਕਰ ਰਹੀ ਪੰਜਾਬ ਦੀ ਜਵਾਨੀ ਨੂੰ ਰੋਕਿਆ ਹੈ। ਪੰਜ ਲੱਖ ਦੇ ਕਰੀਬ ਪ੍ਰਾਈਵੇਟ ਨੌਕਰੀਆਂ ਲਈ ਮਾਹੌਲ ਸੁਖਾਲਾ ਕਰ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਇਸ ਦੇ ਨਾਲ 1.5 ਲੱਖ ਕਰੋੜ ਦਾ ਪੰਜਾਬ ’ਚ ਇੰਡਸਟਰੀ ਦੇ ਖੇਤਰ ’ਚ ਨਿਵੇਸ਼ ਹੋਇਆ ਹੈ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧੇ ਹਨ।
ਵਿੱਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਦੇ ਹਰ ਤੀਜੇ ਪਿੰਡ ’ਚ ਖੇਡ ਮੈਦਾਨ ਬਣਾਏ ਹਨ। ਇਨ੍ਹਾਂ ’ਚੋਂ ਕਈ ਖਿਡਾਰੀ ਪੈਦਾ ਹੋਏ ਹਨ। ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਦੀ ਸਰਕਾਰ ਸੂਬੇ ’ਚ ਸਿਹਤ ਕ੍ਰਾਂਤੀ ਲਿਆਈ ਹੈ। ਪੰਜਾਬ ਦੇ ਹਰ ਵਸਨੀਕ ਦਾ 10 ਲੱਖ ਦਾ ਸਿਹਤ ਬੀਮਾ ਉਨ੍ਹਾਂ ਦੀ ਸਰਕਾਰ ਦੀ ਵਿਸ਼ੇਸ਼ ਪ੍ਰਾਪਤੀ ਹੈ। ਸਕੂਲ ਆਫ ਐਮੀਨੈਂਸ ਰਾਹੀ ਸਕੂਲਾਂ ਅੰਦਰ ਬਿਜ਼ਨਸ ਬਲਾਕ ਜ਼ਰੀਏ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਯੁੱਧ ਨਸ਼ਿਆ ਵਿਰੁੱਧ ਮੁਹਿੰਮ’ ਸ਼ੁਰੂ ਕਰ ਕੇ ਪੰਜਾਬ ’ਚ ਨਸ਼ੇ ਦੀ ਕੜੀ ਨੂੰ ਤੋੜਣ ’ਚ ਕਾਮਯਾਬ ਰਹੀ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਵੱਲੋਂ ਮੁਹਿੰਮ ਨੂੰ 100 ਫ਼ੀਸਦੀ ਸਫਲ ਦੱਸਣਾ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ ਤਹਿਤ ਸਕਾਰ ਨੇ ਗੈਂਗਸਟਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ।
ਕਿਤਾਬ ਸੱਭਿਆਚਾਰ ਲਈ ਬਣਾਈਆਂ ਲਾਈਬ੍ਰੇਰੀਆਂ
ਨੌਜਵਾਨਾਂ ਅੰਦਰ ਖ਼ਤਮ ਹੋ ਰਿਹਾ ਕਿਤਾਬਾਂ ਪੜ੍ਹਣ ਰੁਝਾਨ ਮੁੜ ਸ਼ੁਰੂ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ ਕਿਤਾਬ ਸਭਿਆਚਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਪਿੰਡ ’ਚ ਅਧੁਨਿਕ ਲਾਈਬ੍ਰੇਰੀ ਬਣਾ ਕੇ ਗਿਆਨ ਦਾ ਖ਼ਜ਼ਾਨਾ ਵੰਡਿਆ ਹੈ। ਇਨ੍ਹਾਂ ਲਾਈਬ੍ਰੇਰੀਆਂ ’ਚ ਨਾ ਸਿਰਫ਼ ਨੌਜਵਾਨ ਕਿਤਾਬਾਂ ਰਾਹੀਂ ਆਪਣਾ ਗਿਆਨ ਵਧਾਉਂਦੇ ਹਨ ਬਲਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਦੇ ਹਨ।
ਹਰ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਿਆ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਦੇ ਹਰ ਖੇਤ ਨੂੰ ਨਹਿਰ ਦਾ ਪਾਣੀ ਪਾਈਪਾਂ ਰਾਹੀਂ ਪਹੁੰਚਾਇਆ ਗਿਆ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਆਉਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਇਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਲੋਕਾਂ ਹਵਾਲੇ ਕੀਤਾ ਹੈ। ਪੁਲਿਸ ਅੰਦਰ ਸੜਕ ਸੁਰਖਿਆ ਫੋਰਸ (ਐੱਸਐੱਸਐੱਫ) ਤਿਆਰ ਕਰਕੇ ਸੜਕਾਂ ਉਤੇ ਹੁੰਦੇ ਹਾਦਸਿਆ ’ਚ 60 ਫੀਸਦੀ ਲੋਕਾਂ ਦੀ ਜਾਨ ਬਚਾਈ ਹੈ।
ਗੁਰੂਆਂ ਦੀ ਸ਼ਤਾਬਦੀ ਮਨਾ ਕੇ ਦਿੱਤਾ ਭਾਈਚਾਰਕ ਸਾਂਝ ਦਾ ਸੰਦੇਸ਼
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੁਰੂਆਂ ਦੇ ਜਨਮ ਦਿਹਾੜੇ ਤੇ ਸ਼ਤਾਬਦੀਆਂ ਵੱਡੇ ਪੱਧਰ ’ਤੇ ਮਨਾ ਕੇ ਲੋਕਾਂ ਅੰਦਰ ਭਾਈਚਾਰਕ ਸਾਂਝ ਪੈਦਾ ਕੀਤੀ ਹੈ। ਉਨਾਂ ਦੀ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਦੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਹੁਣ ਸਰਕਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਹਰ ਪਿੰਡ ਤੇ ਹਰ ਸ਼ਹਿਰ ਅੰਦਰ ਮਨਾਉਣ ਜਾ ਰਹੀ ਹੈ। ਇਸ ਰਾਹੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
Punjab s Fifth Budget Will Be People centric Promise Of Giving 1000 Per Month To Women Will Be Fulfilled Finance Minister