January 19, 2026
Punjab Speaks Team / Panjab
ਨਵੀਂ ਦਿੱਲੀ, 19 ਜਨਵਰੀ 2026 :- ਟੀ-20 ਵਿਸ਼ਵ ਕੱਪ 2026 ਦੇ ਸ਼ੁਰੂ ਹੋਣ ਵਿੱਚ ਸਿਰਫ਼ 25 ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ, ਪਰ ਕ੍ਰਿਕਟ ਦੇ ਇਸ ਸਭ ਤੋਂ ਵੱਡੇ ਮਹਾਂਕੁੰਭ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਰਿਪੋਰਟ ਅਨੁਸਾਰ, ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਅਧਿਕਾਰਤ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪੀਸੀਬੀ ਦਾ ਕਹਿਣਾ ਹੈ ਕਿ ਉਹ ਅੰਤਿਮ ਫੈਸਲਾ ਉਦੋਂ ਹੀ ਲਵੇਗਾ ਜਦੋਂ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੀਆਂ ਸੁਰੱਖਿਆ ਚਿੰਤਾਵਾਂ ਦਾ ਹੱਲ ਹੋ ਜਾਵੇਗਾ।
PCB ਦੀ ਚਾਲਾਕੀ ਜਾਂ ਸੱਚਮੁੱਚ BCB ਦਾ ਦੇ ਰਹੇ ਸਾਥ?
ਦਰਅਸਲ, ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਖੇਡਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਇਹ ਤਣਾਅ ਉਦੋਂ ਚਰਚਾ ਵਿੱਚ ਆਇਆ ਜਦੋਂ ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐਲ 2026 ਤੋਂ ਕੇਕੇਆਰ (KKR) ਵੱਲੋਂ ਰਿਲੀਜ਼ ਕਰ ਦਿੱਤਾ ਗਿਆ। ਇਸ ਤੋਂ ਬਾਅਦ BCB ਨੇ ਆਈਸੀਸੀ (ICC) ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਮੈਚ ਭਾਰਤ ਤੋਂ ਬਾਹਰ ਸ਼੍ਰੀਲੰਕਾ ਵਿੱਚ ਸ਼ਿਫਟ ਕੀਤੇ ਜਾਣ। ਆਈਸੀਸੀ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ, ਜਿਸ ਕਾਰਨ ਆਈਸੀਸੀ ਅਤੇ ਬੀਸੀਬੀ ਵਿਚਾਲੇ ਟਕਰਾਅ ਜਾਰੀ ਹੈ।
ਇਸ ਪੂਰੇ ਵਿਵਾਦ ਵਿੱਚ ਹੁਣ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ। ਪੀਸੀਬੀ ਨੇ ਨਾ ਸਿਰਫ ਬੰਗਲਾਦੇਸ਼ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ, ਸਗੋਂ ਉਨ੍ਹਾਂ ਦੇ ਮੈਚਾਂ ਦੀ ਮੇਜ਼ਬਾਨੀ ਪਾਕਿਸਤਾਨ ਵਿੱਚ ਕਰਨ ਦੀ ‘ਅਣਅਧਿਕਾਰਤ ਪੇਸ਼ਕਸ਼’ (Unofficial Offer) ਵੀ ਕਰ ਦਿੱਤੀ। ਸੂਤਰਾਂ ਅਨੁਸਾਰ, ਪਾਕਿਸਤਾਨ ਹੁਣ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਬੰਗਲਾਦੇਸ਼ ਦੇ ਮੁੱਦੇ ਨੂੰ ਜੋੜ ਕੇ ਆਈਸੀਸੀ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਗਰੁੱਪ ਬਦਲਣ ਦੀ ਕੋਸ਼ਿਸ਼ ਵੀ ਨਾਕਾਮ
ਬੰਗਲਾਦੇਸ਼ ਨੇ ਸ੍ਰੀਲੰਕਾ ਵਿੱਚ ਖੇਡਣ ਲਈ ਆਇਰਲੈਂਡ ਨਾਲ ਆਪਣਾ ਗਰੁੱਪ-B ਬਦਲਣ ਦਾ ਸੁਝਾਅ ਵੀ ਦਿੱਤਾ ਸੀ, ਪਰ ਕ੍ਰਿਕਟ ਆਇਰਲੈਂਡ ਨੇ ਇਸ ਨੂੰ ਠੁਕਰਾ ਦਿੱਤਾ। ਆਇਰਲੈਂਡ ਦੇ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੂਲ ਪ੍ਰੋਗਰਾਮ ਅਨੁਸਾਰ ਹੀ ਸ੍ਰੀਲੰਕਾ ਵਿੱਚ ਖੇਡਣਗੇ।
21 ਜਨਵਰੀ 2026 ਤੱਕ ਦਿੱਤੀ ਡੈੱਡਲਾਈਨ
7 ਫਰਵਰੀ 2026 ਤੋਂ ਸ਼ੁਰੂ ਹੋਣ ਵਾਲੇ ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ ਲਈ ਆਈਸੀਸੀ ਕੋਲ ਸਮਾਂ ਬਹੁਤ ਘੱਟ ਬਚਿਆ ਹੈ। ਆਈਸੀਸੀ ਨੇ ਬੰਗਲਾਦੇਸ਼ ਨੂੰ 21 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ, ਯਾਨੀ ਕਿ ਬੰਗਲਾਦੇਸ਼ ਨੂੰ 21 ਜਨਵਰੀ ਤੱਕ ਆਪਣਾ ਅੰਤਿਮ ਫੈਸਲਾ ਆਈਸੀਸੀ ਨੂੰ ਦੇਣਾ ਪਵੇਗਾ ਕਿ ਉਹ ਟੂਰਨਾਮੈਂਟ ਵਿੱਚ ਹਿੱਸਾ ਲਵੇਗਾ ਜਾਂ ਨਹੀਂ।
Pakistan Refuses To Come To India Attempt To Put Pressure On ICC Through Bangladesh