March 12, 2025

Punjab Speaks Team / Panjab
ਜਗਰਾਓਂ ’ਚ ਨਸ਼ੇ ਦੇ ਦੈਂਤ ਨੇ ਇਕ ਹੋਰ ਮਾਂ ਦੀ ਕੁੱਖ ਸੁੰਨੀ ਕਰ ਦਿੱਤੀ। ਜਗਰਾਓਂ ਦੇ ਸਾਇੰਸ ਕਾਲਜ ਨੇੜੇ ਪਿਛਲੇ ਕੁਝ ਦਿਨਾਂ ’ਚ ਹੀ ਨਸ਼ਿਆਂ ਕਾਰਨ ਅੱਜ ਚੌਥੀ ਲਾਸ਼ ਮਿਲੀ। ਜਿਸ ਮਗਰੋਂ ਇਲਾਕੇ ’ਚ ਸੋਕ ਦੀ ਲਹਿਰ ਹੈ। ਮੰਗਲਵਾਰ ਨੂੰ ਸਥਾਨਕ ਸਾਇੰਸ ਕਾਲਜ ਨੇੜੇ ਇਕ ਚਾਰਦੀਵਾਰੀ ਵਾਲੇ ਪਲਾਟ ’ਚ ਨੌਜਵਾਨ ਦੀ ਲਾਸ਼ ਪਈ ਦੇਖ ਰਾਹਗੀਰ ਨੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਸੂਚਿਤ ਕੀਤਾ। ਜਿਨ੍ਹਾਂ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ ’ਤੇ ਪੁੱਜੇ ਜਗਰਾਓਂ ਥਾਣਾ ਸਿਟੀ ਦੇ ਮੁਖੀ ਅਮਰਜੀਤ ਸਿੰਘ ਤੇ ਪੁਲਿਸ ਪਾਰਟੀ ਨੇ ਜਾਂਚ ਕਰਦਿਆਂ ਨੌਜਵਾਨ ਦੀ ਲਾਸ਼ ਕਬਜ਼ੇ ’ਚ ਲੈਂਦਿਆਂ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾਈ।
ਘਟਨਾ ਵਾਲੀ ਥਾਂ ’ਤੇ ਭਾਰੀ ਮਾਤਰਾ ’ਚ ਸਰਿੰਜਾਂ ਪਈਆਂ ਸਨ। ਜਿਸ ਤੋਂ ਸਾਫ ਸੀ ਕਿ ਇਹ ਇਲਾਕਾ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਠਹਿਰ ਬਣਿਆ ਹੋਇਆ ਹੈ। ਜਿਸ ਦਾ ਸਬੂਤ ਪਿਛਲੇ ਕੁਝ ਦਿਨਾਂ ’ਚ ਇਹ ਚੌਥੀ ਲਾਸ਼ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਨੇੜਲੇ ਇਲਾਕੇ ’ਚ ਹੀ ਰੱਜ ਕੇ ਨਸ਼ਾ ਵਿਕਦਾ ਹੈ। ਇਸ ਇਲਾਕੇ ਵਿਚ ਨਸ਼ਾ ਖ਼ਰੀਦਣ ਲਈ ਜਗਰਾਓਂ ਹੀ ਨਹੀਂ ਨੇੜਲੇ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਪਹੁੰਚਦੇ ਹਨ। ਨਸ਼ਾ ਲੈ ਕੇ ਨਸ਼ੇ ਦੀ ਤੋੜ ਕਾਰਨ ਨੌਜਵਾਨ ਨੇੜੇ ਪਏ ਖਾਲੀ ਪਲਾਟਾ ਵਿਚ ਨਸ਼ਾ ਕਰਨ ਲੱਗ ਜਾਂਦੇ ਹਨ। ਜਿਸ ਦੌਰਾਨ ਕਈਆਂ ਦੀ ਮੌਤ ਹੋ ਚੁੱਕੀ ਹੈ।
Drugs Claim Another Life Body Of Youth Found In Vacant Plot
