March 14, 2025

Punjab Speaks Team / Panjab
ਪਹਿਲਾਂ ਹਰਿਆਣਾ ਅਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਮਿਲੀ ਨਾਕਾਮੀ ਤੋਂ ਬਾਅਦ, ਪੰਜਾਬ ਕਾਂਗਰਸ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ 'ਚ ਰਣਨੀਤੀ ਤਿਆਰ ਕੀਤੀ। ਮਿਸ਼ਨ-2027 ਲਈ ਪਾਰਟੀ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਪੰਜ ਘੰਟੇ ਤਕ ਮੀਟਿੰਗ ਹੋਈ। ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮਜ਼ਬੂਤ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਭੂਪੇਸ਼ ਬਘੇਲ ਵੱਲੋਂ ਪਾਰਟੀ ’ਚ ਵਧਦੀ ਧੜੇਬੰਦੀ, ਆਗੂਆਂ ਵੱਲੋਂ ਇਕ-ਦੂਜੇ ਖਿਲਾਫ਼ ਮੀਡੀਆ ’ਚ ਬਿਆਨਬਾਜ਼ੀ, ਪਾਰਟੀ ਅਨੁਸ਼ਾਸਨ ਖਿਲਾਫ਼ ਜਾਣ, ਪਾਰਟੀ ਨੂੰ ਇਕਜੁੱਟ ਕਰਨ, ਆਉਣ ਵਾਲੀਆਂ ਚੋਣਾਂ ਵਰਗੇ ਅਹਿਮ ਪਹਿਲੂਆਂ ’ਤੇ ਡੂੰਘਾਈ ਨਾਲ ਮੰਥਨ ਹੋਇਆ।
ਉਨ੍ਹਾਂ ਮੰਨਿਆ ਕਿ ਪੰਜਾਬ ਕਾਂਗਰਸ ’ਚ ਇਸ ਸਮੇਂ ਧੜੇਬੰਦੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਦਾ ਹੱਲ ਨਾ ਹੋਇਆ ਤਾਂ ਮਿਸ਼ਨ 2027 ਫਤਿਹ ਕਰਨ ਦਾ ਮਿਸ਼ਨ ਸਫਲ ਨਹੀਂ ਹੋ ਸਕਦਾ ਹੈ। ਭੂਪੇਸ਼ ਬਘੇਲ ਨੇ ਐਲਾਨ ਕੀਤਾ ਕਿ 18 ਮਾਰਚ ਨੂੰ ਵਿਧਾਇਕਾਂ ਦੀ ਖਾਸ ਮੀਟਿੰਗ ਹੋਵੇਗੀ, ਜਿੱਥੇ ਚੋਣ ਮੁਹਿੰਮ 'ਤੇ ਅੱਗੇ ਦੀ ਰਣਨੀਤੀ ਤਿਆਰ ਹੋਵੇਗੀ। ਅਪ੍ਰੈਲ ’ਚ ਵੀ ਲਗਾਤਾਰ ਬੈਠਕਾਂ ਹੋਣਗੀਆਂ, ਜਿੱਥੇ ਹਰ ਆਗੂ ਨੂੰ ਖਾਸ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। 13 ’ਚੋਂ 7 ਸੀਟਾਂ ਜਿੱਤਣ ਤੋਂ ਬਾਅਦ ਹੁਣ ਪਾਰਟੀ 2027 ਦੀ ਤਿਆਰੀ ’ਚ ਲੱਗ ਗਈ ਹੈ।
Congress Tightens Its Belt For The 2027 Assembly Elections In Punjab
